
ਕਿਹਾ, ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਦੇ ਅਨੁਮਾਨ ਗਲਤ ਨਹੀਂ ਹਨ ਪਰ ਮਹੱਤਵਪੂਰਨ ਸੂਬਿਆਂ ’ਚ ਸਰੋਤਾਂ ਦੀ ਤਾਇਨਾਤੀ ਗਲਤ ਹੋਈ
ਨਵੀਂ ਦਿੱਲੀ: ਐਕਸਿਸ ਮਾਈ ਇੰਡੀਆ ਦੇ ਮੁਖੀ ਪ੍ਰਦੀਪ ਗੁਪਤਾ ਨੇ ‘ਐਗਜ਼ਿਟ ਪੋਲ’ ਦੇ ਗ਼ਲਤ ਹੋਣ ਲਈ ‘ਫ਼ੈਸਲੇ ਦੀ ਤਰੁੱਟੀ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਚੋਣਾਂ ਦੇ ਆਖਰੀ ਤਿੰਨ ਪੜਾਵਾਂ ’ਚ ਉੱਤਰ ਪ੍ਰਦੇਸ਼ ਨੂੰ ਹਲਕੇ ’ਚ ਲੈਣਾ ਉਨ੍ਹਾਂ ਨੂੰ ਮਹਿੰਗਾ ਪਿਆ। ਗੁਪਤਾ ਨੇ ਕਿਹਾ ਕਿ ਓਡੀਸ਼ਾ ਚੋਣਾਂ ’ਚ ਪਹਿਲਾਂ ਕੀਤੇ ਗਏ ਸਰਵੇਖਣਾਂ ਦੇ ਗਲਤ ਸਾਬਤ ਹੋਣ ਤੋਂ ਬਾਅਦ ਉਨ੍ਹਾਂ ਨੇ ਅਪਣੇ ਚੋਟੀ ਦੇ ਸਰੋਤਾਂ ਨੂੰ ਉੱਤਰ ਪ੍ਰਦੇਸ਼ ਤੋਂ ਦੇਸ਼ ਦੇ ਪੂਰਬੀ ਰਾਜ (ਓਡੀਸ਼ਾ) ਵਲ ਮੋੜ ਦਿਤਾ।
‘ਐਕਸਿਸ ਮਾਈ ਇੰਡੀਆ’ ਦੇ ਐਗਜ਼ਿਟ ਪੋਲ ’ਚ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਗਠਜੋੜ ਨੂੰ 361-400 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਸੀ, ਜਿਸ ’ਚ ਉੱਤਰ ਪ੍ਰਦੇਸ਼ ਦੀਆਂ ਕੁਲ 80 ’ਚੋਂ 67 ਸੀਟਾਂ ’ਤੇ ਸੰਭਾਵਤ ਜਿੱਤ ਵੀ ਸ਼ਾਮਲ ਹੈ ਪਰ ਅਸਲ ਚੋਣ ਨਤੀਜਿਆਂ ’ਚ ਭਾਜਪਾ ਨੂੰ 240 ਸੀਟਾਂ ਮਿਲੀਆਂ ਅਤੇ ਉਹ ਅਪਣੇ ਦਮ ’ਤੇ ਬਹੁਮਤ ਦੇ ਅੰਕੜੇ ਤੋਂ ਖੁੰਝ ਗਈ। ਇਸ ਨੇ ਵਿਰੋਧੀ ਗਠਜੋੜ ‘ਇੰਡੀਆ’ ਨੂੰ 131-166 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਸੀ।
ਉੱਤਰ ਪ੍ਰਦੇਸ਼ ਭਾਜਪਾ ਲਈ ਸੱਭ ਤੋਂ ਵੱਡਾ ਉਲਟਫੇਰ ਵਾਲਾ ਸੂਬਾ ਸਾਬਤ ਹੋਇਆ ਜਿੱਥੇ ਉਸ ਨੂੰ ਸਿਰਫ 33 ਸੀਟਾਂ ਮਿਲੀਆਂ। ਪੀ.ਟੀ.ਆਈ. ਹੈੱਡਕੁਆਰਟਰ ’ਚ ਸੰਪਾਦਕਾਂ ਨਾਲ ਗੱਲਬਾਤ ਦੌਰਾਨ ਗੁਪਤਾ ਨੇ ਕਿਹਾ, ‘‘ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਦੇ ਅਨੁਮਾਨ ਗਲਤ ਨਹੀਂ ਹਨ ਪਰ ਮਹੱਤਵਪੂਰਨ ਸੂਬਿਆਂ ’ਚ ਸਰੋਤਾਂ ਦੀ ਤਾਇਨਾਤੀ ਗਲਤ ਹੋਈ।’’
ਉਨ੍ਹਾਂ ਕਿਹਾ, ‘‘ਸਾਡੇ ਕੋਲ ਚੋਣਾਂ ਦੀ ਭਵਿੱਖਬਾਣੀ ਕਰਨ ਦਾ ਫੁਲਪਰੂਫ ਤਰੀਕਾ ਹੈ। ਇਹ ਸਾਡਾ ਤਰੀਕਾ ਨਹੀਂ ਸੀ ਜੋ ਗਲਤ ਹੋਇਆ। ਮੈਂ ਅਪਣੇ ਸੀਨੀਅਰ ਸਰੋਤਾਂ ਨੂੰ ਤਾਇਨਾਤ ਕਰਨ ’ਚ ਗਲਤੀ ਕੀਤੀ ਅਤੇ ਉੱਤਰ ਪ੍ਰਦੇਸ਼ ਵਰਗੇ ਮਹੱਤਵਪੂਰਨ ਸੂਬਿਆਂ ਨੂੰ ਹਲਕੇ ’ਚ ਲਿਆ। ਕਿਹਾ ਜਾਂਦਾ ਹੈ ਕਿ ਦਿੱਲੀ (ਕੇਂਦਰ) ’ਚ ਸੱਤਾ ਦਾ ਰਸਤਾ ਉੱਤਰ ਪ੍ਰਦੇਸ਼ ਤੋਂ ਹੁੰਦਾ ਹੈ। ਇਹ ਇਕ ਸਬਕ ਹੈ ਕਿ ਜਦੋਂ ‘ਐਗਜ਼ਿਟ ਪੋਲ’ ਦੀ ਗੱਲ ਆਉਂਦੀ ਹੈ ਤਾਂ ਕਿਸੇ ਰਾਜ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।’’
ਉਨ੍ਹਾਂ ਕਿਹਾ, ‘‘ਹਾਲਾਂਕਿ ਐਨ.ਡੀ.ਏ. (ਭਾਜਪਾ ਦੀ ਅਗਵਾਈ ਵਾਲੇ ਕੌਮੀ ਲੋਕਤੰਤਰੀ ਗਠਜੋੜ) ਨੇ ਸਰਕਾਰ ਬਣਾਈ ਸੀ, ਪਰ ਅਸੀਂ ਜਿੰਨੀਆਂ ਸੀਟਾਂ ਦੀ ਭਵਿੱਖਬਾਣੀ ਕੀਤੀ ਸੀ ਅਤੇ ਭਾਜਪਾ ਨੂੰ ਅਸਲ ’ਚ ਮਿਲੀਆਂ ਸੀਟਾਂ ਦੀ ਗਿਣਤੀ ’ਚ ਬਹੁਤ ਅੰਤਰ ਸੀ। ਅਸੀਂ ਗਲਤ ਸਾਬਤ ਹੋਏ। ਤਿੰਨ ਰਾਜ ਜਿੱਥੇ ਅਸੀਂ ਬੁਰੀ ਤਰ੍ਹਾਂ ਗਲਤ ਸਾਬਤ ਹੋਏ, ਉਹ ਸਨ ਉੱਤਰ ਪ੍ਰਦੇਸ਼, ਪਛਮੀ ਬੰਗਾਲ ਅਤੇ ਮਹਾਰਾਸ਼ਟਰ।’’
‘ਐਗਜ਼ਿਟ ਪੋਲ ਜ਼ਰੀਏ ਸ਼ੇਅਰ ਬਾਜ਼ਾਰ ’ਚ ਕਥਿਤ ਹੇਰਾਫੇਰੀ ਦੀ ਜਾਂਚ ਕਰਨ ਲਈ ਤਿਆਰ’
ਨਵੀਂ ਦਿੱਲੀ: ਸ਼ੇਅਰ ਬਾਜ਼ਾਰਾਂ ’ਚ ਕਥਿਤ ਤੌਰ ’ਤੇ ਹੇਰਾਫੇਰੀ ਕਰਨ ਲਈ ਐਗਜ਼ਿਟ ਪੋਲ ਦੀ ਵਰਤੋਂ ਕਰਨ ਨੂੰ ਲੈ ਕੇ ਵਿਰੋਧੀ ਧਿਰ ਦੀ ਆਲੋਚਨਾ ਦਾ ਸਾਹਮਣਾ ਕਰ ਰਹੇ ‘ਐਕਸਿਸ ਮਾਈ ਇੰਡੀਆ’ ਦੇ ਮੁਖੀ ਪ੍ਰਦੀਪ ਗੁਪਤਾ ਨੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪੋਲ ਕਰਨ ਵਾਲਿਆਂ ਲਈ ਵਿਸ਼ੇਸ਼ ਨਿਯਮ ਬਣਾਉਂਦੀ ਹੈ ਤਾਂ ਇਸ ਨਾਲ ਕਾਰੋਬਾਰ ਨੂੰ ਬਿਹਤਰ ਬਣਾਉਣ ’ਚ ਮਦਦ ਮਿਲੇਗੀ।
ਵਿਰੋਧੀ ਸਿਆਸੀ ਪਾਰਟੀਆਂ ਅਤੇ ਕਈ ਹੋਰ ਸੰਗਠਨਾਂ ਨੇ ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਅਤੇ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਰਾਹੀਂ ਇਸ ਗੱਲ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ ਕਿ ਕੀ ਐਗਜ਼ਿਟ ਪੋਲ ਦੀ ਵਰਤੋਂ ਸ਼ੇਅਰ ਬਾਜ਼ਾਰਾਂ ਨੂੰ ਪ੍ਰਭਾਵਤ ਕਰਨ ਲਈ ਕੀਤੀ ਗਈ ਸੀ। ਐਗਜ਼ਿਟ ਪੋਲ ’ਚ ਭਾਜਪਾ ਨੂੰ ਭਾਰੀ ਬਹੁਮਤ ਮਿਲਣ ਤੋਂ ਬਾਅਦ ਸ਼ੇਅਰ ਬਾਜ਼ਾਰਾਂ ’ਚ ਭਾਰੀ ਤੇਜ਼ੀ ਵੇਖਣ ਨੂੰ ਮਿਲੀ ਪਰ ਅਸਲ ਨਤੀਜਿਆਂ ’ਚ ਸੱਤਾਧਾਰੀ ਪਾਰਟੀ ਅਪਣੇ ਦਮ ’ਤੇ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਭਾਰੀ ਗਿਰਾਵਟ ’ਚ ਆ ਗਈ।
ਪੀ.ਟੀ.ਆਈ. ਨਿਊਜ਼ ਦੇ ਮੁੱਖ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਪਤਾ ਨੇ ਕਿਹਾ ਕਿ ਉਹ ਪੰਜ ਸਾਲਾਂ ਤੋਂ ਸਰਵੇਖਣ ਕਰਨ ਵਾਲਿਆਂ ਲਈ ਮਾਪਦੰਡ ਅਤੇ ਨਿਯਮ ਬਣਾਉਣ ਦੀ ਮੰਗ ਕਰ ਰਹੇ ਹਨ। ਐਗਜ਼ਿਟ ਪੋਲ ’ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਬਚਕਾਨਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਹਰ ਨਾਗਰਿਕ ਅਤੇ ਸੰਗਠਨ ਚੋਣ ਨਤੀਜਿਆਂ ਬਾਰੇ ਜਾਣਨਾ ਚਾਹੁੰਦਾ ਹੈ ਅਤੇ ਐਗਜ਼ਿਟ ਪੋਲ ’ਤੇ ਪਾਬੰਦੀ ਲਗਾਉਣ ਨਾਲ ਕੋਈ ਮਦਦ ਨਹੀਂ ਮਿਲੇਗੀ।
ਗੁਪਤਾ ਨੇ ਕਿਹਾ, ‘‘ਸਾਡਾ ਸ਼ੇਅਰ ਬਾਜ਼ਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਮੈਂ ਇਨ੍ਹਾਂ ਦੋਸ਼ਾਂ ਤੋਂ ਖੁਸ਼ ਹਾਂ ਕਿਉਂਕਿ ਸਾਡੇ ਅੰਕੜੇ ਅਤੇ ਕਾਰਜਪ੍ਰਣਾਲੀ ਸਹੀ ਹੈ। ਕੋਈ ਵੀ ਜਾਂਚ ਮੈਨੂੰ ਦੁਨੀਆਂ ਨੂੰ ਉਹ ਸੱਭ ਕੁੱਝ ਵਿਖਾਉਣ ਦਾ ਮੌਕਾ ਦੇਵੇਗੀ ਜੋ ਮੈਂ ਐਗਜ਼ਿਟ ਪੋਲ ਦੀ ਭਵਿੱਖਬਾਣੀ ਕਰਨ ਲਈ ਵਰਤਦਾ ਹਾਂ।’’ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਜੇ.ਪੀ.ਸੀ. ਜਾਂ ਸੇਬੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ, ਉਨ੍ਹਾਂ ਕਿਹਾ, ‘‘ਮੈਂ ਕਿਸੇ ਵੀ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ।’’
ਉਨ੍ਹਾਂ ਕਿਹਾ, ‘ਸ਼ੇਅਰ ਬਾਜ਼ਾਰ ’ਚ ਤੇਜ਼ੀ ਨਾਲ ਮੈਨੂੰ ਕਿਸੇ ਵੀ ਫਾਇਦੇ ਦੀ ਗੱਲ ਹੈ। ਐਕਸਿਸ ਮਾਈ ਇੰਡੀਆ ਦਾ ਡੀਮੈਟ ਖਾਤਾ ਨਹੀਂ ਹੈ। ਇਹ ਇਕ ਸੀਮਤ ਕੰਪਨੀ ਹੈ ਜੋ ਸੂਚੀਬੱਧ ਨਹੀਂ ਹੈ। ਅੱਜ ਤਕ, ਕੰਪਨੀ ’ਚ ਕੋਈ ਬਾਹਰੀ ਨਿਵੇਸ਼ ਨਹੀਂ ਹੋਇਆ ਹੈ। ਪ੍ਰਮੋਟਰਾਂ ਨੇ ਵੀ ਕੋਈ ਨਿਵੇਸ਼ ਨਹੀਂ ਕੀਤਾ ਹੈ। ਅਪ੍ਰੈਲ ਤੋਂ ਸ਼ੇਅਰਾਂ ਵਿਚ ਮੇਰਾ ਨਿੱਜੀ ਨਿਵੇਸ਼ ਸਿਰਫ 35,000 ਰੁਪਏ ਰਿਹਾ ਹੈ। ਮੈਨੂੰ ਕਿੱਥੇ ਲਾਭ ਹੋਇਆ?’’