
19 ਜੁਲਾਈ ਨੂੰ ਇਸ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ,
ਇੰਫਾਲ - ਹਿੰਸਾ ਪ੍ਰਭਾਵਿਤ ਮਣੀਪੁਰ ਵਿਚ ਭੀੜ ਵਲੋਂ ਦੋ ਔਰਤਾਂ ਨੂੰ ਬਿਨ੍ਹਾਂ ਕੱਪੜਿਆਂ ਤੋਂ ਘੁਮਾਉਣ ਦੇ ਮਾਮਲੇ ਵਿਚ ਪੁਲਿਸ ਨੇ ਪੰਜਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਤੋਂ 19 ਜੁਲਾਈ ਨੂੰ ਇਸ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ, ਉਦੋਂ ਤੋਂ ਦੇਸ਼ ਭਰ ਵਿਚ ਰੋਸ ਹੈ।
ਪੁਲਿਸ ਅਨੁਸਾਰ ਪੰਜਵੇਂ ਮੁਲਜ਼ਮ ਦੀ ਪਛਾਣ 19 ਸਾਲਾ ਨੌਜੁਆਨ ਵਜੋਂ ਹੋਈ ਹੈ। ਮਨੀਪੁਰ ਵਿਚ 4 ਮਈ ਨੂੰ ਦੋ ਔਰਤਾਂ ਦੀ ਬਿਨ੍ਹਾਂ ਕੱਪੜਿਆਂ ਤੋਂ ਵੀਡੀਓ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ 11 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਗਿਆ।
ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਕੁਝ ਘੰਟੇ ਬਾਅਦ ਹੀ ਭੀੜ ਨੇ ਉਸ ਦੇ ਘਰ ਨੂੰ ਅੱਗ ਲਾ ਦਿਤੀ।
ਪੁਲਿਸ ਮੁਤਾਬਕ ਵੀਡੀਓ 'ਚ ਮੁੱਖ ਦੋਸ਼ੀ ਕੰਗਪੋਕਪੀ ਜ਼ਿਲ੍ਹੇ ਦੇ ਬੀ ਫੇਨੋਮ ਪਿੰਡ 'ਚ ਭੀੜ ਨੂੰ ਭੜਕਾਉਂਦਾ ਦਿਖਾਈ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਦੋ ਔਰਤਾਂ ਨਾਲ ਇਹ ਸ਼ਰਮਨਾਕ ਘਟਨਾ ਵਾਪਰੀ ਹੈ, ਉਨ੍ਹਾਂ ਵਿਚੋਂ ਇੱਕ ਭਾਰਤੀ ਫੌਜ ਦੇ ਸਾਬਕਾ ਸੈਨਿਕ ਦੀ ਪਤਨੀ ਹੈ, ਜਿਸ ਨੇ ਅਸਾਮ ਰੈਜੀਮੈਂਟ ਵਿਚ ਸੂਬੇਦਾਰ ਵਜੋਂ ਸੇਵਾ ਨਿਭਾਈ ਸੀ ਅਤੇ ਕਾਰਗਿਲ ਜੰਗ ਵਿਚ ਵੀ ਹਿੱਸਾ ਲਿਆ ਸੀ।
ਘਟਨਾ ਨਾਲ ਸਬੰਧਤ ਵੀਡੀਓ ਨੂੰ ਲੈ ਕੇ 21 ਜੂਨ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਮਾਮਲੇ ਵਿਚ ਦਰਜ ਐਫ.ਆਈ.ਆਰ. ਦੇ ਅਨੁਸਾਰ, ਇੱਕ ਵਿਅਕਤੀ ਨੂੰ 4 ਮਈ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿਤਾ ਸੀ, ਜਿਸ ਨੇ ਕੁਝ ਵਿਅਕਤੀਆਂ ਨੂੰ ਉਸ ਦੀ ਭੈਣ ਨਾਲ ਬਲਾਤਕਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਐਫ.ਆਈ.ਆਰ. ਦੇ ਅਨੁਸਾਰ, ਦੋ ਔਰਤਾਂ ਨੂੰ ਫਿਰ ਨਗਨ ਕਰ ਕੇ ਘੁਮਾਇਆ ਗਿਆ ਅਤੇ ਭੀੜ ਸਾਹਮਣੇ ਜਿਨਸੀ ਸ਼ੋਸ਼ਣ ਕੀਤਾ ਗਿਆ।
ਮਣੀਪੁਰ ਵਿਚ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਬਹੁ-ਗਿਣਤੀ ਮੇਤੈਈ ਸਮੁਦਾਏ ਦੀ ਮੰਗ ਦੇ ਵਿਰੋਧ ਵਿਚ ਪਹਾੜੀ ਜ਼ਿਲ੍ਹਿਆਂ ਵਿਚ 3 ਮਈ ਨੂੰ 'ਕਬਾਇਲੀ ਏਕਤਾ ਮਾਰਚ' ਦੇ ਆਯੋਜਨ ਕਰਨ ਤੋਂ ਬਾਅਦ ਰਾਜ ਵਿਚ ਭੜਕੀ ਜਾਤੀ ਹਿੰਸਾ ਵਿਚ ਹੁਣ ਤੱਕ 60 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ।