
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਬਕਰੀਦ ਤਿਉਹਾਰ ਦੇ ਸਨਮੁਖ ਹੁਕਮ ਦਿਤਾ ਹੈ ਕਿ ਜਾਨਵਰਾਂ ਨੂੰ ਖੁਲ੍ਹੇ ਵਿਚ ਨਾ ਵਢਿਆ ਜਾਵੇ.............
ਲਖਨਊ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਬਕਰੀਦ ਤਿਉਹਾਰ ਦੇ ਸਨਮੁਖ ਹੁਕਮ ਦਿਤਾ ਹੈ ਕਿ ਜਾਨਵਰਾਂ ਨੂੰ ਖੁਲ੍ਹੇ ਵਿਚ ਨਾ ਵਢਿਆ ਜਾਵੇ। ਅਧਿਕਾਰੀਆਂ ਨੂੰ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਸੰਬੋਧਨ ਕਰਦਿਆਂ ਉਨ੍ਹਾਂ ਇਹ ਹੁਕਮ ਦਿਤਾ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜਾਨਵਰਾਂ ਦੇ ਖ਼ੂਨ ਅਤੇ ਮਾਸ ਦੇ ਟੁਕੜਿਆਂ ਨੂੰ ਨਦੀਆਂ ਜਾਂ ਨਾਲੀਆਂ ਵਿਚ ਨਾ ਰੋੜ੍ਹਿਆ ਜਾਵੇ ਅਤੇ ਸੂਬੇ ਵਿਚ ਫ਼ਿਰਕੂ ਸਦਭਾਵਨਾ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬੇ 'ਚ ਅਮਨ ਸ਼ਾਂਤੀ ਦਾ ਮਾਹੌਲ ਕਾਇਮ ਰਖਿਆ ਜਾਵੇ।
ਇਹ ਨਿਰਦੇਸ਼ ਵੀ ਆਇਆ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ਵਿਚ ਕਾਂਵੜ ਯਾਤਰਾ ਕੱਢੀ ਜਾ ਰਹੀ ਹੈ, ਉਥੇ ਪ੍ਰਸ਼ਾਸਨ ਵਲੋਂ ਵਿਸ਼ੇਸ਼ ਧਿਆਨ ਦਿਤਾ ਜਾਵੇ। ਅਧਿਕਾਰੀਆਂ ਨੇ ਕਿਹਾ ਕਿ ਪਸ਼ੂਆਂ ਦੀ ਕੁਰਬਾਨੀ ਕੇਵਲ ਨਿਰਧਾਰਤ ਥਾਵਾਂ ਉਤੇ ਹੀ ਕੀਤੀ ਜਾਵੇਗੀ। ਜੇ ਕੋਈ ਜਨਤਕ ਥਾਂ ਉਤੇ ਇੰਜ ਕਰੇਗਾ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਸ਼ੂਆਂ ਦੀਆਂ ਹੱਡੀਆਂ ਨਦੀਆਂ, ਨਾਲੀਆਂ ਜਾਂ ਖੁਲ੍ਹੇ ਵਿਚ ਨਾ ਸੁੱਟੀਆਂ ਜਾਣ। ਪ੍ਰਸ਼ਾਸਨ ਵਲੋਂ ਬਕਰੀਦ ਵਾਲੇ ਦਿਨ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਇਲਾਕਿਆਂ ਵਲ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। (ਏਜੰਸੀ)