
ਨਾਇਡੂ ਨੇ ਅਪਣੇ ਵਿਰੁਧ 19, ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ 13 ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅਪਣੇ ਵਿਰੁਧ ਪੰਜ ਮਾਮਲਿਆਂ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ : ਚੋਣ ਅਧਿਕਾਰ ਸੰਗਠਨ ਏ.ਡੀ.ਆਰ. ਦੀ ਇਕ ਨਵੀਂ ਰੀਪੋਰਟ ਮੁਤਾਬਕ ਦੇਸ਼ ਦੇ 30 ਮੁੱਖ ਮੰਤਰੀਆਂ ਵਿਚੋਂ 12 ਜਾਂ 40 ਫ਼ੀ ਸਦੀ ਨੇ ਅਪਣੇ ਵਿਰੁਧ ਅਪਰਾਧਕ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਵਿਰੁਧ ਸੱਭ ਤੋਂ ਵੱਧ 89 ਮਾਮਲੇ ਦਰਜ ਹਨ, ਇਸ ਤੋਂ ਬਾਅਦ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਵਿਰੁਧ 47 ਮਾਮਲੇ ਦਰਜ ਹਨ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਅਪਣੇ ਵਿਰੁਧ 19, ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ 13 ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅਪਣੇ ਵਿਰੁਧ ਪੰਜ ਮਾਮਲਿਆਂ ਦਾ ਐਲਾਨ ਕੀਤਾ ਹੈ।
ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸੁਖਵਿੰਦਰ ਸਿੰਘ ਨੇ ਚਾਰ-ਚਾਰ, ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਦੋ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਕੇਸ ਐਲਾਨਿਆ ਹੈ।
ਇਹ ਰੀਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਸਰਕਾਰ ਤਿੰਨ ਬਿਲ ਲੈ ਕੇ ਆਈ ਹੈ, ਜਿਸ ਵਿਚ ਗੰਭੀਰ ਅਪਰਾਧਕ ਦੋਸ਼ਾਂ ਵਿਚ 30 ਦਿਨਾਂ ਤੋਂ ਗ੍ਰਿਫਤਾਰ ਕੀਤੇ ਗਏ ਪ੍ਰਧਾਨ ਮੰਤਰੀ, ਮੁੱਖ ਮੰਤਰੀਆਂ ਅਤੇ ਮੰਤਰੀਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਦੀ ਰੀਪੋਰਟ ਮੁਤਾਬਕ 10 ਜਾਂ 33 ਫੀ ਸਦੀ ਮੁੱਖ ਮੰਤਰੀਆਂ ਨੇ ਅਪਣੇ ਵਿਰੁਧ ਕਤਲ ਦੀ ਕੋਸ਼ਿਸ਼, ਅਗਵਾ, ਰਿਸ਼ਵਤਖੋਰੀ ਅਤੇ ਅਪਰਾਧਕ ਧਮਕੀਆਂ ਸਮੇਤ ਗੰਭੀਰ ਅਪਰਾਧਕ ਮਾਮਲਿਆਂ ਦਾ ਐਲਾਨ ਕੀਤਾ ਹੈ। ਏ.ਡੀ.ਆਰ. ਨੇ ਕਿਹਾ ਕਿ ਉਸ ਨੇ ਰਾਜ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ 30 ਮੌਜੂਦਾ ਮੁੱਖ ਮੰਤਰੀਆਂ ਦੇ ਸਵੈ-ਸਹੁੰ ਚੁੱਕ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ। ਇਹ ਅੰਕੜੇ ਉਨ੍ਹਾਂ ਹਲਫਨਾਮਿਆਂ ਤੋਂ ਹਨ ਜੋ ਉਨ੍ਹਾਂ ਨੇ ਅਪਣੀਆਂ ਪਿਛਲੀਆਂ ਚੋਣਾਂ ਲੜਨ ਤੋਂ ਪਹਿਲਾਂ ਦਾਇਰ ਕੀਤੇ ਸਨ। (ਪੀਟੀਆਈ)