
1990 ਦੇ ਦਹਾਕੇ ਦੇ ਅੰਤ ’ਚ ਨਕਸਲੀਆਂ ਨੇ ਇਨ੍ਹਾਂ ਪਿੰਡਾਂ ’ਚ ਲੱਗੇ ਬਿਜਲੀ ਦੇ ਖੰਭਿਆਂ ਅਤੇ ਬੁਨਿਆਦੀ ਢਾਂਚੇ ਨੂੰ ਤੋੜ ਦਿਤਾ ਸੀ
ਰਾਏਪੁਰ, 22 ਸਤੰਬਰ: ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਸੁਕਮਾ ਜ਼ਿਲ੍ਹੇ ’ਚ ਨਕਸਲੀ ਘਟਨਾਵਾਂ ਕਾਰਨ ਪਿਛਲੇ ਲਗਭਗ 25 ਸਾਲਾਂ ਤੋਂ ਹਨੇਰੇ ’ਚ ਡੁੱਬੇ ਸੱਤ ਪਿੰਡਾਂ ਨੂੰ ਪਾਵਰ ਗਰਿੱਡ ਤੋਂ ਬਿਜਲੀ ਮਿਲੀ, ਜਿਸ ਤੋਂ ਬਾਅਦ ਇਨ੍ਹਾਂ ਪਿੰਡਾਂ ਦੇ 342 ਪ੍ਰਵਾਰਾਂ ਨੇ ਰੱਜ ਕੇ ਖ਼ੁਸ਼ੀਆਂ ਮਨਾਈਆਂ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ ਖੱਬੇ ਪੱਖੀ ਅਤਿਵਾਦ ਦਾ ਖਮਿਆਜ਼ਾ ਭੁਗਤਣਾ ਪਿਆ ਸੀ।
1990 ਦੇ ਦਹਾਕੇ ਦੇ ਅੰਤ ’ਚ ਨਕਸਲੀਆਂ ਨੇ ਇਨ੍ਹਾਂ ਪਿੰਡਾਂ ’ਚ ਲੱਗੇ ਬਿਜਲੀ ਦੇ ਖੰਭਿਆਂ ਅਤੇ ਬੁਨਿਆਦੀ ਢਾਂਚੇ ਨੂੰ ਤੋੜ ਦਿਤਾ ਸੀ ਜਿਸ ਕਾਰਨ ਸਥਾਨਕ ਲੋਕ ਬਿਜਲੀ ਸਪਲਾਈ ਤੋਂ ਵਾਂਝੇ ਹੋ ਗਏ ਸਨ। ਕੁਝ ਘਰਾਂ ’ਚ ਇਕ ਬਲਬ ਜਗਾਉਣ ਅਤੇ ਪੱਖਾ ਚਲਾਉਣ ਲਈ ਸੂਰਜੀ ਊਰਜਾ ਰਾਹੀਂ ਬਿਜਲੀ ਦੀ ਸਪਲਾਈ ਕੀਤੀ ਜਾਂਦੀ ਸੀ ਪਰ ਉਸ ਦੇ ਰੱਖ-ਰਖਾਅ ਕਾਰਨ ਪ੍ਰੇਸ਼ਾਨੀ ਵੀ ਹੁੰਦੀ ਸੀ।
ਸੁਕਮਾ ਜ਼ਿਲ੍ਹੇ ਦੇ ਕੁਲੈਕਟਰ ਹਾਰਿਸ ਐੱਸ. ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਜਨਤਾ, ਵਿਸ਼ੇਸ਼ ਕਰ ਕੇ ਆਖ਼ਰੀ ਵਿਅਕਤੀ ਤਕ ਰਾਸ਼ਨ, ਬਿਜਲੀ ਸਪਲਾਈ, ਪਾਣੀ ਦੀ ਸਪਲਾਈ ਆਦਿ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਭਲਾਈਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਬਾਕੀ ਪਿੰਡਾਂ ’ਚ ਵੀ ਛੇਤੀ ਹੀ ਬਿਜਲੀ ਪਹੁੰਚਾਈ ਜਾਵੇਗੀ। (ਪੀਟੀਆਈ)