
ਵੀਜ਼ਾ ਸੇਵਾਵਾਂ ਨਾਲ ਸਬੰਧਤ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਇਥੇ ਪੜ੍ਹ ਸਕਦੇ ਹੋ
ਨਵੀਂ ਦਿੱਲੀ: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਪੈਦਾ ਹੋਏ ਤਣਾਅ ਦੇ ਚਲਦਿਆਂ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿਤੀਆਂ ਹਨ। ਭਾਰਤ ਨੇ ਕਿਹਾ ਕਿ ਉਹ ਅਪਣੇ ਸਟਾਫ਼ ਦੀ ਸੁਰੱਖਿਆ ਲਈ ਚਿੰਤਤ ਹਨ ਤੇ ਇਸ ਦੇ ਚਲਦਿਆਂ ਅਗਲੇ ਹੁਕਮਾਂ ਤਕ ਕੈਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ਾ ’ਤੇ ਰੋਕ ਲਗਾਈ ਜਾਂਦੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪ੍ਰੈਸ ਕਾਨਫ਼ਰੰਸ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕੈਨੇਡਾ ਸਥਿਤ ਭਾਰਤੀ ਮਿਸ਼ਨ ਨੇ ਇਹ ਵੀ ਕਿਹਾ ਕਿ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿਤੀਆਂ ਗਈਆਂ ਹਨ। ਭਾਰਤ ਦੇ ਇਸ ਫੈਸਲੇ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਕਈ ਸਵਾਲ ਉੱਠਣੇ ਤੈਅ ਹਨ। ਵੀਜ਼ਾ ਨਾਲ ਸਬੰਧਤ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਹੇਠਾਂ ਪੜ੍ਹ ਸਕਦੇ ਹੋ-
ਸਵਾਲ- ਕੀ ਸਾਰੇ ਵੀਜ਼ਾ ਸਸਪੈਂਡ ਹਨ?
ਜਵਾਬ- ਨਹੀਂ, ਕੈਨੇਡੀਅਨਾਂ ਨੂੰ ਨਵੇਂ ਵੀਜ਼ੇ ਜਾਰੀ ਨਹੀਂ ਕੀਤੇ ਜਾਣਗੇ। ਇਹ ਤੀਜੇ ਦੇਸ਼ ਤੋਂ ਕੈਨੇਡੀਅਨ ਬਿਨੈਕਾਰਾਂ 'ਤੇ ਵੀ ਲਾਗੂ ਹੋਵੇਗਾ।
ਸਵਾਲ - ਭਾਰਤ ਆਉਣ ਦੀ ਯੋਜਨਾ ਬਣਾ ਰਹੇ ਕੈਨੇਡੀਅਨ ਸੈਲਾਨੀਆਂ ਦਾ ਕੀ ਹੋਵੇਗਾ?
ਜਵਾਬ- ਫਿਲਹਾਲ ਕੋਈ ਵੀ ਕੈਨੇਡੀਅਨ ਨਾਗਰਿਕ ਭਾਰਤ ਆਉਣ ਲਈ ਨਵਾਂ ਵੀਜ਼ਾ ਨਹੀਂ ਲੈ ਸਕਦਾ। ਹਾਲਾਂਕਿ, ਵੈਧ ਵੀਜ਼ਾ ਰੱਖਣ ਵਾਲੇ ਨਾਗਰਿਕਾਂ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਸਵਾਲ- ਵੀਜ਼ਾ ਸੇਵਾਵਾਂ ਕਦੋਂ ਮੁੜ ਸ਼ੁਰੂ ਹੋਣਗੀਆਂ?
ਜਵਾਬ- ਭਾਰਤ ਨੇ ਅਗਲੇ ਹੁਕਮਾਂ ਤਕ ਵੀਜ਼ਾ ਸੇਵਾਵਾਂ ਬੰਦ ਕਰ ਦਿਤੀਆਂ ਹਨ।
ਸਵਾਲ- ਸੇਵਾਵਾਂ ਕਿਉਂ ਮੁਅੱਤਲ ਕੀਤੀਆਂ ਗਈਆਂ?
ਜਵਾਬ- ਭਾਰਤ ਅਤੇ ਕੈਨੇਡਾ ਦਰਮਿਆਨ ਵਧਦੇ ਤਣਾਅ ਦੇ ਵਿਚਕਾਰ, ਭਾਰਤ ਨੇ ਸੰਚਾਲਨ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸੇਵਾਵਾਂ ਨੂੰ ਮੁਅੱਤਲ ਕਰ ਦਿਤਾ ਹੈ।
ਸਵਾਲ- ਮੌਜੂਦਾ ਵੀਜ਼ੇ ਦਾ ਕੀ ਹੋਵੇਗਾ?
ਜਵਾਬ- ਵੈਧ ਭਾਰਤੀ ਵੀਜ਼ੇ 'ਤੇ ਯਾਤਰਾ ਕਰਨ 'ਤੇ ਕੋਈ ਪਾਬੰਦੀ ਨਹੀਂ ਹੈ।
ਸਵਾਲ- ਕੀ ਭਾਰਤੀ ਕੈਨੇਡਾ ਜਾ ਸਕਦੇ ਹਨ?
ਜਵਾਬ- ਹਾਂ, ਭਾਰਤੀ ਯਾਤਰੀਆਂ 'ਤੇ ਅਜੇ ਤਕ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ਉਹ ਭਾਰਤ ਤੋਂ ਕੈਨੇਡਾ ਜਾ ਸਕਦੇ ਹਨ।
ਸਵਾਲ: ਕੀ ਕੋਈ ਵਿਅਕਤੀ ਮੌਜੂਦਾ ਵੀਜ਼ੇ 'ਤੇ ਕੈਨੇਡਾ ਤੋਂ ਵਾਪਸ ਆ ਸਕਦਾ ਹੈ?
ਜਵਾਬ- ਹਾਂ। ਵੈਧ ਵੀਜ਼ਾ 'ਤੇ ਕੋਈ ਪਾਬੰਦੀਆਂ ਨਹੀਂ ਹਨ।
ਸਵਾਲ- ਕੀ ਈ-ਵੀਜ਼ਾ ਸੇਵਾਵਾਂ ਕਾਰਜਸ਼ੀਲ ਹਨ?
ਜਵਾਬ- ਨਹੀਂ, ਈ-ਵੀਜ਼ਾ 'ਤੇ ਵੀ ਅਸਥਾਈ ਤੌਰ 'ਤੇ ਪਾਬੰਦੀ ਲਗਾਈ ਗਈ ਹੈ।