
ਇਸ ਬੈਠਕ ’ਚ ਨਾਲੰਦਾ ਅਤੇ ਪਟਨਾ ਜ਼ਿਲ੍ਹਿਆਂ ਦੇ ਪ੍ਰਮੁੱਖ ਸਿੱਖ ਆਗੂਆਂ ਨੇ ਹਿੱਸਾ ਲਿਆ
Bihar News : ਬਿਹਾਰ ਦੇ ਸਿੱਖਾਂ ਨੇ ਐਤਵਾਰ ਨੂੰ ਬਿਹਾਰਸ਼ਰੀਫ ਦੇ ਇਤਿਹਾਸਕ ਮੁਗਲ ਕੁਆਨ ਗੁਰਦੁਆਰੇ ’ਚ ਅਪਣੇ ਅਧਿਕਾਰਾਂ ਅਤੇ ਸਿਆਸੀ ਨੁਮਾਇੰਦਗੀ ਦੀ ਮੰਗ ਕਰਦਿਆਂ ਇਕ ਰਣਨੀਤੀਕ ਬੈਠਕ ਕੀਤੀ। ਇਸ ਬੈਠਕ ’ਚ ਨਾਲੰਦਾ ਅਤੇ ਪਟਨਾ ਜ਼ਿਲ੍ਹਿਆਂ ਦੇ ਪ੍ਰਮੁੱਖ ਸਿੱਖ ਆਗੂਆਂ ਨੇ ਹਿੱਸਾ ਲਿਆ।
ਬਿਹਾਰ ਸਿੱਖ ਫ਼ੈਡਰੇਸ਼ਨ ਦੇ ਸੰਸਥਾਪਕ ਤ੍ਰਿਲੋਕੀ ਸਿੰਘ ਨੇ ਇਸ ਮੌਕੇ ਕਿਹਾ, ‘‘ਸਿੱਖ ਸਦੀਆਂ ਤੋਂ ਬਿਹਾਰ ’ਚ ਰਹਿ ਰਹੇ ਹਨ ਪਰ ਸਾਨੂੰ ਨਾ ਤਾਂ ਵਿਧਾਨ ਸਭਾ, ਲੋਕ ਸਭਾ ਅਤੇ ਨਾ ਹੀ ਸਥਾਨਕ ਪੱਧਰ ਦੀਆਂ ਚੋਣਾਂ ’ਚ ਸਹੀ ਨੁਮਾਇੰਦਗੀ ਮਿਲੀ ਹੈ। ਇਹ ਸਾਡੀ ਆਵਾਜ਼ ਨੂੰ ਸਰਕਾਰ ਤਕ ਪਹੁੰਚਾਉਣ ’ਚ ਇਕ ਵੱਡੀ ਰੁਕਾਵਟ ਹੈ।’’
ਉਨ੍ਹਾਂ ਅੱਗੇ ਦਸਿਆ ਕਿ ਫੈਡਰੇਸ਼ਨ ਹੁਣ ਹਰ ਜ਼ਿਲ੍ਹੇ ’ਚ ਸਥਾਨਕ ਪੱਧਰ ’ਤੇ ਸੰਗਠਨ ਬਣਾ ਕੇ ਸਿੱਖਾਂ ਨੂੰ ਇਕਜੁਟ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ, ‘‘ਸਾਡਾ ਮੰਨਣਾ ਹੈ ਕਿ ਇਸ ਨਾਲ ਸਾਡੀ ਤਾਕਤ ਵਧੇਗੀ ਅਤੇ ਅਸੀਂ ਅਪਣੇ ਅਧਿਕਾਰਾਂ ਨੂੰ ਪ੍ਰਾਪਤ ਕਰਨ ’ਚ ਸਫਲ ਹੋਵਾਂਗੇ। ਇਹ ਪਹਿਲ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਨਾਲੰਦਾ ਤੋਂ ਸ਼ੁਰੂ ਕੀਤੀ ਗਈ ਹੈ, ਜੋ ਬਿਹਾਰ ਦੇ ਸਿੱਖਾਂ ਲਈ ਵਿਸ਼ੇਸ਼ ਮਹੱਤਵ ਰਖਦੀ ਹੈ। ਫੈਡਰੇਸ਼ਨ ਨਾਲੰਦਾ ’ਚ ਸੰਗਠਨ ਦਾ ਵਿਸਥਾਰ ਕਰਨ ਤੋਂ ਬਾਅਦ ਹੋਰ ਜ਼ਿਲ੍ਹਿਆਂ ’ਚ ਵੀ ਅਜਿਹੀਆਂ ਮੀਟਿੰਗਾਂ ਕਰਨ ਦੀ ਯੋਜਨਾ ਬਣਾ ਰਹੀ ਹੈ।’’
ਮੀਟਿੰਗ ’ਚ ਰਾਕੇਸ਼ ਬਿਹਾਰੀ ਸ਼ਰਮਾ, ਰਣਜੀਤ ਸਿੰਘ, ਸ਼ੇਰ ਸਿੰਘ ਅਤੇ ਦਿਲੀਪ ਸਿੰਘ ਵੀ ਮੌਜੂਦ ਸਨ। ਆਗੂਆਂ ਨੇ ਸਰਬਸੰਮਤੀ ਨਾਲ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬਿਹਾਰ ’ਚ ਸਿੱਖਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇ।