
ਦਿੱਲੀ ਵਿਧਾਨ ਸਭਾ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਵਿਧਾਇਕ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ.....
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਵਿਧਾਇਕ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦਾ ਮੁੱਦਾ ਚੁਕਦਿਆਂ ਮੰਗ ਕੀਤੀ ਕਿ 1 ਨਵੰਬਰ ਨੂੰ ਕਾਲਾ ਦਿਹਾੜਾ ਐਲਾਨ ਕੇ, ਕਤਲੇਆਮ ਵਿਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦਿਤੀ ਜਾਵੇ।
ਉਨਾਂ੍ਹ ਇਹ ਵੀ ਮੰਗ ਕੀਤੀ ਕਿ ਕਤਲੇਆਮ ਪੀੜ੍ਹਤਾਂ ਦੇ ਪਰਵਾਰਾਂ 'ਚੋਂ ਇਕ ਮੈਂਬਰ ਨੂੰ ਨੌਕਰੀ ਦੇ ਕੇ, ਉਨਾਂ੍ਹ ਨੂੰ ਘਰਾਂ ਦੇ ਮਾਲਕਾਨਾ ਹੱਕ ਦਿਤੇ ਜਾਣ, ਨਹੀਂ ਤਾਂ ਉਹ 60 ਦਿਨ ਦੇ ਅੰਦਰ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਅੱਜ ਵਿਧਾਨ ਸਭਾ ਵਿਚ ਨਵੰਬਰ 1984 ਕਤਲੇਆਮ ਬਾਰੇ ਹੋਈ ਚਰਚਾ ਵਿਚ ਹਿੱਸਾ ਲੈਂਦੇ ਹੋਏ ਸ.ਸਿਰਸਾ ਨੇ ਇਕ ਮਤਾ ਪੇਸ਼ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕਾਤਲਾਂ ਦੀ ਪਾਰਟੀ ਹੈ, ਜਿਸ ਨਾਲ ਕਿਸੇ ਨੂੰ ਵੀ ਗੱਠਜੋੜ ਨਹੀਂ ਕਰਨਾ ਚਾਹੀਦਾ।
ਉਨ੍ਹਾਂ 84 ਪੀੜ੍ਹਤਾਂ ਨੂੰ ਪਹਿਲੀਆਂ ਸਰਕਾਰਾਂ ਦੇ ਸਮੇਂ ਦਿਤੀ ਜਾਂਦੀ ਮੁਫ਼ਤ ਬਿਜਲੀ ਦੀ ਸਹੂਲਤ ਬਹਾਲ ਕਰਨ ਦੀ ਵੀ ਮੰਗ ਕੀਤੀ। ਸ. ਸਿਰਸਾ ਨੇ ਕਿਹਾ ਮੈਂ ਨਵੰਬਰ 84 ਦੇ ਪੀੜ੍ਹਤਾਂ ਦੇ ਮਸਲੇ 'ਤੇ ਦੋ ਸਾਲ ਵਿਚ ਚਾਰ ਵਾਰ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਾਰ ਵਾਰ ਚਿੱਠੀਆਂ ਪਾਈਆਂ ਹਨ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰ ਕੇ, ਸਪੀਕਰ ਮੁਖ ਮੰਤਰੀ ਨੂੰ ਹਦਾਇਤ ਕਰਨ ਕਿ 84 ਬਾਰੇ ਵਾਅਦੇ ਪੂਰੇ ਕੀਤੇ ਜਾਣ।