
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 100 ਸਾਲ ਹੋਣ ‘ਤੇ ਪੀਐਮ ਮੋਦੀ ਨੇ ਕੀਤਾ ਸੰਬੋਧਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਵਿਚ ਹਰ ਕਿਸੇ ਨੂੰ ਮਿਲ ਕੇ ਆਤਮ ਨਿਰਭਰ ਭਾਰਤ ਬਣਾਉਣਾ ਲਈ ਕੰਮ ਕਰਨਾ ਚਾਹੀਦਾ ਹੈ। ਪੀਐਮ ਮੋਦੀ ਨੇ ਮੰਗਲਵਾਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ।
PM MODI
ਇਸ ਮੌਕੇ ਪ੍ਰਧਾਨ ਮੰਤਰੀ ਨੇ ਇਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਪਿਛਲੀ ਸਦੀ ਵਿਚ ਮਤਭੇਦਾਂ ਦੇ ਨਾਂਅ ‘ਤੇ ਬਹੁਤ ਸਮਾਂ ਬਰਬਾਦ ਹੋ ਚੁੱਕਾ ਹੈ, ਹੁਣ ਹੋਰ ਸਮਾਂ ਨਹੀਂ ਬਰਬਾਦ ਕਰਾਂਗੇ, ਮਿਲ ਕੇ ਆਤਮ ਨਿਰਭਰ ਭਾਰਤ ਬਣਾਵਾਂਗੇ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੀ ਪ੍ਰਗਤੀ ਲਈ ਉਸ ਦਾ ਹਰ ਪੱਧਰ ‘ਤੇ ਵਿਕਾਸ ਹੋਣਾ ਜ਼ਰੂਰੀ ਹੈ।
Aligarh Muslim University
ਅੱਜ ਦੇਸ਼ ਵੀ ਉਸ ਮਾਰਗ ‘ਤੇ ਅੱਗੇ ਵਧ ਰਿਹਾ ਹੈ, ਜਿੱਥੇ ਹਰੇਕ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਦੇਸ਼ ਵਿਚ ਹੋ ਰਹੇ ਵਿਕਾਸ ਦਾ ਲਾਭ ਮਿਲੇ। ਇਸ ਮੌਕੇ ਪੀਐਮ ਮੋਦੀ ਨੇ ਸਿੱਖਿਆ ਤੇ ਵਿਕਾਸ ਦੇ ਖੇਤਰ ਵਿਚ ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਮੁਸਲਿਮ ਵਿਦਿਆਰਥਣਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਦਾ ਵੀ ਜ਼ਿਕਰ ਕੀਤਾ।
Aligarh Muslim University
ਪ੍ਰਧਾਨ ਮੰਤਰੀ ਮੋਦੀ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ “ਛੋਟਾ ਭਾਰਤ” ਕਹਿ ਕੇ ਯੂਨੀਵਰਸਿਟੀ ਦੀ ਵਿਰਾਸਤ ਦਾ ਵਰਣਨ ਕੀਤਾ। ਉਹਨਾਂ ਕਿਹਾ ਕਿ ‘ਇੱਥੇ ਉਰਦੂ, ਅਰਬੀ ਅਤੇ ਫ਼ਾਰਸੀ ਭਾਸ਼ਾ’ ਤੇ ਕੀਤੀ ਗਈ ਖੋਜ, ਇਸਲਾਮਿਕ ਸਾਹਿਤ ’ਤੇ ਕੀਤੀ ਗਈ ਖੋਜ, ਇਸਲਾਮਿਕ ਵਿਸ਼ਵ ਨਾਲ ਭਾਰਤ ਦੇ ਸਭਿਆਚਾਰਕ ਸਬੰਧਾਂ ਨੂੰ ਨਵੀਂ ਊਰਜਾ ਦਿੰਦੀ ਹੈ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਏਐਮਯੂ ਕੈਂਪਸ ਵਿਚ ‘ਇੱਕ ਭਾਰਤ, ਸ਼ਾਨਦਾਰ ਭਾਰਤ’ ਦੀ ਭਾਵਨਾ ਦਿਨ ਪ੍ਰਤੀ ਦਿਨ ਮਜ਼ਬੂਤ ਹੋਣੀ ਚਾਹੀਦੀ ਹੈ, ਇਸ ਲਈ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ।