
AK 47, ਮੈਗਜ਼ੀਨ, ਪਿਸਤੌਲ, IED, 6 ਹੈਂਡ ਗ੍ਰਨੇਡ ਅਤੇ ਵੱਡੀ ਮਾਤਰਾ ਵਿਚ ਗੋਲਾ ਬਾਰੂਦ ਬਰਾਮਦ
ਪੁਲਿਸ ਅਤੇ ਫ਼ੌਜ ਦੀ ਸਾਂਝੀ ਟੀਮ ਵਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਹੋਈ ਬਰਾਮਦਗੀ
ਕੁਪਵਾੜਾ : ਮਿਲਟਰੀ ਇੰਟੈਲੀਜੈਂਸ ਅਤੇ ਹੋਰ ਖੁਫੀਆ ਏਜੰਸੀਆਂ ਦੁਆਰਾ ਭਰੋਸੇਯੋਗ ਸੂਚਨਾ ਦੇ ਅਧਾਰ 'ਤੇ ਚਲਾਈ ਗਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਹੋਈ ਹੈ। ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਪੁਲਿਸ ਅਤੇ ਫ਼ੌਜ ਵਲੋਂ ਹਿਜ਼ਬੁਲ ਮੁਜਾਹਿਦੀਨ (HM) ਸੰਗਠਨ ਦਾ ਇੱਕ ਅੱਤਵਾਦੀ ਮਾਡਿਊਲ ਕੁਪਵਾੜਾ ਦੇ ਕ੍ਰਾਲਪੋਰਾ ਖੇਤਰ ਵਿੱਚ ਸਰਗਰਮ ਹੋਣ ਦੀ ਖਬਰ ਮਿਲੀ ਸੀ ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਅਤੇ ਫੌਜ ਦੀ ਇੱਕ ਸਾਂਝੀ ਟੀਮ ਨੇ ਵੀਰਵਾਰ ਨੂੰ ਤਿੰਨ ਅੱਤਵਾਦੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ।
ਇਹ ਮਾਡਿਊਲ ਨਾ ਸਿਰਫ਼ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਦੇਣ ਵਿਚ ਮਦਦ ਕਰ ਰਿਹਾ ਸੀ, ਸਗੋਂ ਹਥਿਆਰਾਂ ਅਤੇ ਗੋਲਾ-ਬਾਰੂਦ ਸਮੇਤ ਹੋਰ ਸਾਮਾਨ ਵੀ ਮੁਹੱਈਆ ਕਰ ਰਿਹਾ ਸੀ। ਫੜੇ ਗਏ ਤਿੰਨ ਅੱਤਵਾਦੀ ਸਹਿਯੋਗੀ ਅਬ ਰੌਫ ਮਲਿਕ, ਅਲਤਾਫ ਅਹਿਮਦ ਪੇਅਰ ਵਾਸੀ ਦਰਡਸਨ ਕਰਾਲਪੁਰਾ ਅਤੇ ਰਿਆਜ਼ ਅਹਿਮਦ ਲੋਨ ਵਾਸੀ ਕਰਾਲਪੋਰਾ ਹਨ।
ਪੁੱਛਗਿੱਛ ਦੌਰਾਨ, ਤਿੰਨਾਂ ਨੇ ਪਾਕਿਸਤਾਨ ਸਥਿਤ ਅੱਤਵਾਦੀ ਹੈਂਡਲਰ ਫਾਰੂਕ ਅਹਿਮਦ ਪੀਰ, ਅਤੇ ਮੌਜੂਦਾ ਸਮੇਂ ਪੀਓਕੇ ਸਥਿਤ ਕਾਕਰੋਸਾ ਕੁਪਵਾੜਾ ਦੇ ਨਦੀਮ ਉਸਮਾਨੀ ਦੇ ਨਿਰਦੇਸ਼ਾਂ 'ਤੇ ਹਿਜ਼ਬੁਲ ਮੁਜਾਹਿਦੀਨ ਸੰਗਠਨ ਦੇ ਅੱਤਵਾਦੀਆਂ ਲਈ ਬਣਾਏ ਗਏ ਦੋ ਛੁਪਣਗਾਹਾਂ ਦਾ ਖੁਲਾਸਾ ਕੀਤਾ, ਜਿੱਥੇ ਕੁਝ ਹਥਿਆਰ ਅਤੇ ਗੋਲਾ ਬਾਰੂਦ ਵੀ ਲੁਕਾਏ ਗਏ ਹਨ। ਫੜੇ ਗਏ ਤਿੰਨਾਂ ਦੇ ਖੁਲਾਸੇ ਅਤੇ ਨਿਸ਼ਾਨਦੇਹੀ 'ਤੇ ਦੋ ਹੋਰ ਸਾਥੀਆਂ ਦੇ ਟਿਕਾਣਿਆਂ ਦਾ ਪਰਦਾਫਾਸ਼ ਕੀਤਾ ਗਿਆ ਹੈ।
ਬਰਾਮਦਗੀ ਵਿੱਚ ਇੱਕ ਏਕੇ ਰਾਈਫਲ, 2 ਏਕੇ ਮੈਗਜ਼ੀਨ, 119 ਏਕੇ ਗੋਲਾ ਬਾਰੂਦ, 1 ਪਿਸਤੌਲ, 1 ਪਿਸਤੌਲ ਮੈਗਜ਼ੀਨ, 4 ਪਿਸਤੌਲ ਦੇ ਰੌਂਦ, 6 ਹੈਂਡ ਗ੍ਰਨੇਡ, 1 ਆਈਈਡੀ, 2 ਡੈਟੋਨੇਟਰ, 2 ਤਾਰਾਂ ਦੇ ਬੰਡਲ ਅਤੇ ਇੱਕ ਪਾਣੀ ਦੀ ਟੈਂਕੀ ਬਰਾਮਦ ਹੋਈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੁਪਵਾੜਾ ਦੇ ਐਸਐਸਪੀ ਨੇ ਦੱਸਿਆ ਕਿ ਜਾਣਕਾਰੀ ਅਨੁਸਾਰ ਤਿੰਨਾਂ ਨੂੰ ਜੂਨ 2022 ਵਿੱਚ 6 ਲੱਖ ਰੁਪਏ ਦੀ ਨਕਦ ਰਾਸ਼ੀ ਵੀ ਪ੍ਰਾਪਤ ਹੋਈ ਸੀ, ਜਿਸਦਾ ਮਕਸਦ ਛੁਪਣਗਾਹਾਂ ਦੇ ਨਿਰਮਾਣ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਖਰੀਦ ਲਈ ਸਮੱਗਰੀ ਪ੍ਰਾਪਤ ਕਰਨਾ ਸੀ। ਇਨ੍ਹਾਂ 6 ਲੱਖਾਂ ਵਿੱਚੋਂ 64000 ਰੁਪਏ ਵੀ ਬਰਾਮਦ ਕਰ ਲਏ ਗਏ ਹਨ।