
ਪੁਰਸ਼ਾਂ ਦੇ ਕਾਲੇ ਕੋਟ ਤੇ ਸਵੈਟਰਾਂ ਦੇ ਨਾਲ, ਔਰਤਾਂ ਦੇ ਕਾਲੇ ਦੁਪੱਟੇ ਵੀ ਜਮ੍ਹਾਂ ਕਰਵਾਏ ਗਏ
ਬਾਲਾਸੋਰ - ਓਡੀਸ਼ਾ ਦੇ ਬਾਲਾਸੋਰ ਵਿੱਚ ਵੀਰਵਾਰ ਨੂੰ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਜਨ ਸਭਾ ਵਿੱਚ ਲੋਕਾਂ ਨੂੰ ਕਾਲੇ ਕੱਪੜੇ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪੁਲਿਸ ਨੇ ਉਨ੍ਹਾਂ ਤੋਂ ਕਾਲੇ ਕੱਪੜੇ ਸਮਾਗਮ ਵਾਲੀ ਥਾਂ ਦੇ ਪ੍ਰਵੇਸ਼ ਦੁਆਰ ’ਤੇ ਹੀ ਜਮ੍ਹਾਂ ਕਰਵਾ ਲਏ।
ਔਰਤਾਂ ਨੂੰ ਆਪਣੇ ਕਾਲੇ ਰੰਗ ਦੇ ਸ਼ਾਲ, ਸਵੈਟਰ ਅਤੇ ਇੱਥੋਂ ਤੱਕ ਕਿ ਦੁਪੱਟੇ ਵੀ ਕਾਊਂਟਰ 'ਤੇ ਜਮ੍ਹਾਂ ਕਰਵਾਉਣੇ ਪਏ। ਪੁਰਸ਼ਾਂ ਨੂੰ ਵੀ ਆਪਣੇ ਕਾਲੇ ਕੋਟ, ਸਵੈਟਰ ਅਤੇ ਹੈਲਮੇਟ ਜਮ੍ਹਾਂ ਕਰਵਾਉਣੇ ਪਏ।
ਇਸ ਦਾ ਕਾਰਨ ਪੁੱਛੇ ਜਾਣ 'ਤੇ ਹਥਿਆਰਬੰਦ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਖ਼ੁਫ਼ੀਆ ਰਿਪੋਰਟਾਂ ਅਨੁਸਾਰ ਸਮਾਗਮ ਵਾਲੀ ਥਾਂ 'ਤੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਸੰਭਾਵਨਾ ਸੀ।
ਇਸ ਹੁਕਮ ਨਾਲ ਸਭਾ ਵਿੱਚ ਬਹੁਤ ਸਾਰੇ ਨਰਾਜ਼ ਹੋਏ। ਸਥਾਨਕ ਨਿਵਾਸੀ ਸਬਿਤਾ ਬੇਹਰਾ ਨੇ ਕਿਹਾ, “ਇਹ ਹੈਰਾਨ ਕਰਨ ਵਾਲਾ ਹੈ। ਔਰਤਾਂ ਨੂੰ ਮੀਟਿੰਗ ਵਾਲੀ ਥਾਂ ਦੇ ਬਾਹਰ ਕਾਲੇ ਰੰਗ ਦੇ ਕੱਪੜੇ ਜਮ੍ਹਾਂ ਕਰਵਾਉਣ ਲਈ ਕਹਿਣਾ ਅਪਮਾਨਜਨਕ ਹੈ। ਅਸੀਂ ਸਾਰੇ ਨਵੀਨ ਪਟਨਾਇਕ ਦੇ ਸਮਰਥਕ ਹਾਂ।"
ਸੱਠ ਸਾਲਾ ਰਘੂਨਾਥ ਸਾਹੂ ਨੂੰ ਜਦੋਂ ਸੁਰੱਖਿਆ ਕਰਮਚਾਰੀਆਂ ਨੇ ਸਮਾਗਮ ਵਾਲੀ ਥਾਂ 'ਤੇ ਦਾਖਲ ਹੋਣ ਤੋਂ ਪਹਿਲਾਂ ਕਾਲਾ ਕੋਟ ਉਤਾਰਨ ਲਈ ਕਿਹਾ, ਤਾਂ ਉਨ੍ਹਾਂ ਇਸ 'ਤੇ ਨਾਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਦੌਰਾਨ, ਸਥਾਨਕ ਪੁਲਿਸ ਨੇ ਪਟਨਾਇਕ ਦੇ ਇੱਥੇ ਆਉਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਸ਼ਹਿਰ ਇਕਾਈ ਦੇ ਪ੍ਰਧਾਨ ਉਮਾਕਾਂਤ ਮਹਾਪਾਤਰਾ ਸਮੇਤ ਪਾਰਟੀ ਦੇ ਕਈ ਨੇਤਾਵਾਂ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਲੈ ਲਿਆ।
ਇੱਕ ਹੋਰ ਘਟਨਾ ਵਿੱਚ, ਇੱਕ ਦੀਵਿਆਂਗ ਨੌਜਵਾਨ ਨੇ ਬਾਲਾਸੋਰ ਵਿਖੇ ਮੁੱਖ ਮੰਤਰੀ ਦੇ ਕਾਫ਼ਲੇ ਅੱਗੇ ਛਾਲ਼ ਮਾਰ ਦਿੱਤੀ।
ਜਿਵੇਂ ਹੀ ਪਟਨਾਇਕ ਇੱਥੇ ਪਹੁੰਚੇ ਤਾਂ ਇਹ ਨੌਜਵਾਨ ਅਚਾਨਕ ਸੁਰੱਖਿਆ ਘੇਰਾ ਤੋੜਦੇ ਹੋਏ ਮੁੱਖ ਮੰਤਰੀ ਦੇ ਕਾਫ਼ਲੇ ਦੇ ਸਾਹਮਣੇ ਆ ਗਿਆ। ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਤੁਰੰਤ ਉਥੋਂ ਹਟਾ ਦਿੱਤਾ।
ਇਸ ਪਿੱਛੇ ਨੌਜਵਾਨ ਦੀ ਮੰਸ਼ਾ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ, ਪਰ ਉਹ ਸੂਬਾ ਸਰਕਾਰ ਦੀ ਰਿਹਾਇਸ਼ ਯੋਜਨਾ ਤਹਿਤ ਮਕਾਨ ਅਤੇ ਇੱਕ ਨੌਕਰੀ ਦੀ ਮੰਗ ਕਰਦਾ ਸੁਣਾਈ ਦਿੱਤਾ।