
ਗੁਰੂ ਸਾਹਿਬ ਦਾ ਸਦੀਵੀ ਸੰਦੇਸ਼ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਹੋਵੇਗਾ ਰਾਜ ਦੀ ਝਾਕੀ ਦਾ ਵਿਸ਼ਾ
ਨਵੀਂ ਦਿੱਲੀ (ਸੁਖਰਾਜ ਸਿੰਘ): ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਕੁਲ ਆਲਮ ਨੂੰ ਦਿਤੇ ਸਦੀਵੀ ਸੰਦੇਸ਼ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਨੂੰ 26 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਸਰਕਾਰ ਦੀ ਝਾਕੀ ਦੇ ਵਿਸ਼ੇ ਵਜੋਂ ਰੂਪਮਾਨ ਕੀਤਾ ਜਾਵੇਗਾ।
Photo
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦਸਿਆ ਕਿ ਗਣਤੰਤਰ ਦਿਵਸ-2020 ਮੌਕੇ ਪੰਜਾਬ ਰਾਜ ਦੀ ਝਾਕੀ ਨੂੰ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਨਾਲ-ਨਾਲ ਉਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਲ ਭਰ ਚਲੇ ਸਮਾਗਮਾਂ ਨੂੰ ਸਮਰਪਿਤ ਕੀਤਾ ਗਿਆ ਹੈ।
Photo
ਉਨ੍ਹਾਂ ਦਸਿਆ ਕਿ ਰਾਜ ਸਰਕਾਰ ਨੇ ਗੁਰੂ ਸਾਹਿਬ ਦੇ ਮਾਨਵੀ ਸਿਧਾਂਤਾਂ 'ਤੇ ਆਧਾਰਤ ਫ਼ਲਸਫ਼ੇ 'ਕਿਰਤ ਕਰੋ', 'ਨਾਮ ਜਪੋ', 'ਵੰਡ ਛਕੋ' ਨੂੰ ਦਰਸਾਉਣ ਦੀ ਨਿਮਾਣੀ ਕੋਸ਼ਿਸ਼ ਕੀਤੀ ਹੈ ਜਿਸ ਦੀ ਅਜੋਕੇ ਸਮੇਂ ਵਿਚ ਵੀ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ 'ਕਿਰਤ ਕਰੋ' ਦਾ ਸਿਧਾਂਤ ਈਮਾਨਦਾਰ ਸਾਧਨਾਂ ਰਾਹੀਂ ਰੋਜ਼ੀ-ਰੋਟੀ ਕਮਾਉਣ ਦਾ ਸੰਦੇਸ਼ ਦਿੰਦਾ ਹੈ ਜਦਕਿ 'ਨਾਮ ਜਪੋ' ਦੇ ਸਿਧਾਂਤ ਰਾਹੀਂ ਅਕਾਲ ਪੁਰਖ ਦੇ ਨਾਮ ਦਾ ਨਿਰੰਤਰ ਜਾਪ ਕਰਨ ਲਈ ਪ੍ਰੇਰਿਆ ਗਿਆ ਹੈ।
Photo
ਇਸੇ ਤਰ੍ਹਾਂ ਗੁਰੂ ਸਾਹਿਬ ਨੇ ਅਪਣੇ ਤੀਸਰੇ ਸਿਧਾਂਤ 'ਵੰਡ ਛਕੋ' ਰਾਹੀਂ ਲੋਕਾਈ ਨੂੰ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਅਪਣੀ ਮਿਹਨਤ ਦੇ ਫਲ ਨੂੰ ਵੰਡ ਕੇ ਛਕਣ ਦਾ ਉਪਦੇਸ਼ ਦਿਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹਿਣਸ਼ੀਲਤਾ, ਸ਼ਾਂਤੀ, ਭਾਈਚਾਰਕ ਸਾਂਝ, ਔਰਤਾਂ ਨੂੰ ਸਮਰੱਥ ਬਣਾਉਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਜਿਹੇ ਨੈਤਿਕ ਮੁਲਾਂ 'ਤੇ ਆਧਾਰਤ ਸੰਦੇਸ਼ ਕੁਲ ਆਲਮ ਲਈ ਧਰਮਾਂ ਵਿਚਾਲੇ ਪਰਸਪਰ ਸਾਂਝ ਦਾ ਪ੍ਰਤੀਕ ਹਨ।
Photo
ਬੁਲਾਰੇ ਨੇ ਅੱਗੇ ਦਸਿਆ ਕਿ ਸਮੁੱਚੀ ਝਾਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਵਿਆਪਕ ਸਿਖਿਆਵਾਂ ਰਾਹੀਂ ਅਧਿਆਤਮਕ ਅਤੇ ਮੁਕੱਦਸ ਰਿਸ਼ਮਾਂ ਬਿਖੇਰੇਗੀ। ਝਾਕੀ ਵਿਚ ਟਰੈਕਟਰ ਵਾਲੇ ਹਿੱਸੇ 'ਤੇ ਵਿਸ਼ਾਲ ਅਤੇ ਵਿਲੱਖਣ ਹੱਥ 'ਇਕ ਅਕਾਲ ਪੁਰਖ' ਦੇ ਫ਼ਲਸਫ਼ੇ ਨੂੰ ਦਰਸਾਉਂਦਾ ਹੈ। ਟਰੈਲਰ ਉਪਰ ਸਿੱਖ ਧਰਮ ਦੇ ਤਿੰਨ ਬੁਨਿਆਦੀ ਸਿਧਾਂਤ 'ਕਿਰਤ ਕਰੋ', 'ਨਾਮ ਜਪੋ', 'ਵੰਡ ਛਕੋ' ਦ੍ਰਿਸ਼ਮਾਨ ਕੀਤੇ ਗਏ ਹਨ।
Photo
ਅਖ਼ੀਰ ਵਿਚ ਪ੍ਰਮਾਤਮਾ ਦੇ ਅਸਥਾਨ ਵਜੋਂ ਗੁਰਦੁਆਰਾ ਸਾਹਿਬ ਨੂੰ ਦਰਸਾਇਆ ਗਿਆ ਹੈ, ਜਿਸ ਤੋਂ ਗੁਰੂ ਜੀ ਦੇ ਇਲਾਹੀ ਸੰਦੇਸ਼ ਦੀ ਅਹਿਮੀਅਤ ਅਤੇ ਅੰਦਰੂਨੀ ਮੁਲਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਇਸ ਝਾਕੀ ਰਾਹੀਂ ਰਾਜਪਥ 'ਤੇ ਮਹਿਜ਼ 60 ਸੈਕਿੰਡ ਵਿਚ ਸਮੂਹ ਦਰਸ਼ਕਾਂ ਵਲੋਂ ਆਤਮਕ ਅਡੋਲਤਾ ਦੀ ਦੁਨੀਆਂ ਵਿਚ ਲੀਨ ਹੁੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਵਿਚ ਹੱਥ ਜੋੜ ਕੇ ਸੀਸ ਝੁਕਾਇਆ ਜਾਵੇਗਾ।