
Saif Ali Khan: ਕਿਹਾ, ਜਦ ਸੈਫ਼ ਜਾਂ ਸ਼ਾਹਰੁਖ਼ ਨੂੰ ਕੁੱਝ ਹੁੰਦਾ ਹੈ ਤਾਂ ਚਰਚਾ ਹੁੰਦੀ ਹੈ ਪਰ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਹਿੰਦੂ ਅਦਾਕਾਰ ਬਾਰੇ ਕੋਈ ਕੁੱਝ ਨਾ ਬੋਲਿਆ
Saif Ali Khan Attack: ਭਾਜਪਾ ਨੇਤਾ ਅਤੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਿਤੀਸ਼ ਰਾਣੇ ਨੇ ਅਭਿਨੇਤਾ ਸੈਫ਼ ਅਲੀ ਖ਼ਾਨ ’ਤੇ ਚਾਕੂ ਨਾਲ ਹੋਏ ਹਮਲੇ ਨੂੰ ਲੈ ਕੇ ਇਕ ਵਿਵਾਦਤ ਟਿਪਣੀ ਕਰ ਦਿਤੀ ਹੈ। ਸੈਫ਼ ਅਲੀ ਖ਼ਾਨ ’ਤੇ ਹੋਏ ਹਮਲੇ ਦਾ ਮਜ਼ਾਕ ਉਡਾਉਂਦੇ ਹੋਏ ਨਿਤੀਸ਼ ਰਾਣੇ ਨੇ ਕਿਹਾ ਕਿ ਕੀ ਇਹ ਸੱਚਮੁੱਚ ਚਾਕੂ ਨਾਲ ਹਮਲਾ ਸੀ ਜਾਂ ਐਕਟਿੰਗ ਸੀ। ਉਨ੍ਹਾਂ ਕਿਹਾ ਕਿ ਦੇਖੋ ਇਹ ਘੁਸਪੈਠੀਏ ਬੰਗਲਾਦੇਸ਼ੀ ਮੁੰਬਈ ਵਿਚ ਕੀ ਕਰ ਰਹੇ ਹਨ। ਇਨ੍ਹਾਂ ਦੀ ਹਿੰਮਤ ਦੇਖੋ। ਪਹਿਲਾਂ ਸੜਕਾਂ ’ਤੇ ਰਹਿੰਦੇ ਸਨ, ਹੁਣ ਲੋਕਾਂ ਦੇ ਘਰਾਂ ’ਚ ਵੜ ਰਹੇ ਹਨ। ਸੈਫ਼ ਅਲੀ ਖ਼ਾਨ ਦੇ ਘਰ ’ਚ ਵੜ ਗਏ। ਹੋ ਸਕਦਾ ਹੈ ਕਿ ਉਹ ਉਸ (ਸੈਫ਼) ਨੂੰ ਲੈਣ ਆਏ ਸਨ। ਇਹ ਚੰਗਾ ਹੈ, ਕੂੜਾ ਸਾਫ਼ ਹੋਣਾ ਚਾਹੀਦਾ ਹੈ।
ਨਿਤੀਸ਼ ਰਾਣੇ ਨੇ ਅੱਗੇ ਕਿਹਾ, ‘‘ਮੈਂ ਦੇਖਿਆ ਕਿ ਜਦੋਂ ਉਹ ਹਸਪਤਾਲ ਤੋਂ ਬਾਹਰ ਆਇਆ ਤਾਂ ਮੈਨੂੰ ਸ਼ੱਕ ਹੋਇਆ ਕਿ ਉਸ ਨੂੰ ਚਾਕੂ ਮਾਰਿਆ ਗਿਆ ਸੀ ਜਾਂ ਉਹ ਐਕਟਿੰਗ ਕਰ ਰਿਹਾ ਸੀ। ਉਹ ਤੁਰਦੇ ਸਮੇਂ ਨੱਚ ਰਿਹਾ ਸੀ। ਕਿਵੇਂ ਟੁਨ-ਟੁਨ ਨੱਚਦਾ ਹੋਇਆ ਘਰ ਵਿਚ ਜਾ ਰਿਹਾ ਸੀ? ਜਦੋਂ ਸ਼ਾਹਰੁਖ ਖ਼ਾਨ ਜਾਂ ਸੈਫ਼ ਅਲੀ ਖ਼ਾਨ ਨੂੰ ਸੱਟ ਲਗਦੀ ਹੈ ਤਾਂ ਹਰ ਕੋਈ ਇਸ ਬਾਰੇ ਚਰਚਾ ਸ਼ੁਰੂ ਕਰ ਦਿੰਦਾ ਹੈ। ਜਦੋਂ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਹਿੰਦੂ ਅਦਾਕਾਰ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ, ਤਾਂ ਕੋਈ ਵੀ ਕੁੱਝ ਕਹਿਣ ਲਈ ਅੱਗੇ ਨਹੀਂ ਆਉਂਦਾ ਹੈ।’’
ਮਹਾਰਾਸ਼ਟਰ ਦੇ ਮੰਤਰੀ ਨੇ ਕਿਹਾ, ‘‘ਮੁੰਬਰਾ ਦੇ ਜੀਤੂਦੀਨ (ਜਤਿੰਦਰ ਆਵਹਡ) ਅਤੇ ਬਾਰਾਮਤੀ ਦੀ ਤਾਈ (ਸੁਪ੍ਰੀਆ ਸੁਲੇ) ਕੁੱਝ ਵੀ ਕਹਿਣ ਲਈ ਅੱਗੇ ਨਹੀਂ ਆਏ। ਉਨ੍ਹਾਂ ਨੂੰ ਸਿਰਫ਼ ਸੈਫ਼ ਅਲੀ ਖ਼ਾਨ, ਸ਼ਾਹਰੁਖ਼ ਖ਼ਾਨ ਦੇ ਬੇਟੇ ਅਤੇ ਨਵਾਬ ਮਲਿਕ ਦੀ ਚਿੰਤਾ ਹੈ। ਕੀ ਤੁਸੀਂ ਕਦੇ ਉਨ੍ਹਾਂ ਨੂੰ ਕਿਸੇ ਹਿੰਦੂ ਕਲਾਕਾਰ ਦੀ ਚਿੰਤਾ ਕਰਦੇ ਦੇਖਿਆ ਹੈ। ਲੋਕਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ’ਤੇ ਧਿਆਨ ਦੇਣਾ ਚਾਹੀਦਾ।