
ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗ ਜਾਣ ਕਾਰਨ ਸ਼ੁਕਰਵਾਰ ਨੂੰ ਲਗਾਤਾਰ ਤੀਜੇ ਦਿਨ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਬੰਦ ਰਿਹਾ........
ਜੰਮੂ : ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗ ਜਾਣ ਕਾਰਨ ਸ਼ੁਕਰਵਾਰ ਨੂੰ ਲਗਾਤਾਰ ਤੀਜੇ ਦਿਨ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ਬੰਦ ਰਿਹਾ। ਰਾਜਮਾਰਗ ਬੰਦ ਰਹਿਣ ਕਾਰਨ 1700 ਤੋਂ ਵੱਧ ਵਾਹਨ ਫਸੇ ਹੋਏ ਹਨ। ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸੇ ਨਾਲ ਜੋੜਨ ਵਾਲੀ ਸੜਕ 'ਤੇ ਮੀਂਹ ਕਾਰਨ ਪੰਜ ਥਾਵਾਂ 'ਤੇ ਢਿੱਗਾਂ ਡਿੱਗ ਗਈਆਂ। 270 ਕਿਲੋਮੀਟਰ ਲੰਮੇ ਰਾਜਮਾਰਗ 'ਤੇ ਇਹ ਘਟਨਾਵਾਂ ਖ਼ੂਨੀ ਨਾਲਾ, ਪਨਸ਼ਿਯਾਲ, ਡਿਗਡੋਲੇ, ਬੈਟਰੀ ਚਸ਼ਮਾ ਅਤੇ ਮਾਰੂਗ ਵਿਚ ਵਾਪਰੀਆਂ। ਰਾਜਮਾਰਗ ਬੁਧਵਾਰ ਤੋਂ ਬੰਦ ਹੈ।
ਅਧਿਕਾਰੀਆਂ ਨੇ ਦਸਿਆ ਕਿ ਰਾਮਬਨ, ਊਧਮਪੁਰ, ਜੰਮੂ, ਸਾਂਬਾ ਅਤੇ ਕਠੂਆ ਜ਼ਿਲ੍ਹਿਆਂ ਵਿਚ ਰਾਜਮਾਰਗ 'ਤੇ ਵਾਹਨ ਫਸੇ ਹੋਏ ਹਨ। ਅਧਿਕਾਰੀਆਂ ਨੇ ਦਸਿਆ ਕਿ ਸੜਕ ਸਾਫ਼ ਕਰਨ ਦਾ ਕੰਮ ਨਾਲੋ ਨਾਲ ਚੱਲ ਰਿਹਾ ਹੈ ਅਤੇ ਛੇਤੀ ਹੀ ਰਾਜਮਾਰਗ ਖੋਲ੍ਹ ਦਿਤਾ ਜਾਵੇਗਾ। ਬੰਦ ਰਾਜਮਾਰਗ ਕਾਰਨ ਜੰਮੂ ਕੇ ਨਗਰੋਟਾ ਇਲਾਕੇ ਤੋਂ ਕਸ਼ਮੀਰ ਘਾਟੀ ਵਲ ਵਾਹਨਾਂ ਨੂੰ ਜਾਣ ਦੀ ਆਗਿਆ ਨਹੀਂ ਹੈ। ਰਾਜਮਾਰਗ 'ਤੇ ਸਫ਼ਰ ਕਰਨ ਵਾਲੇ ਯਾਤਰੀ ਕਾਫ਼ੀ ਡਰੇ ਹੋਏ ਹਨ। ਭਾਰੀ ਬਰਫ਼ਬਾਰੀ ਕਾਰਨ ਕਸ਼ਮੀਰ ਘਾਟੀ ਦੇ ਸ਼ੋਪੀਆਂ ਜ਼ਿਲ੍ਹੇ ਨੂੰ ਜੰਮੂ ਖੇਤਰ ਦੇ ਪੁੰਛ ਜ਼ਿਲ੍ਹੇ ਨਾਲ ਜੋੜਨ ਵਾਲੀ ਮੁਗਲ ਰੋਡ ਪਿਛਲੇ ਇਕ ਮਹੀਨੇ ਤੋਂ ਬੰਦ ਹੈ। (ਏਜੰਸੀ)