
Z+ ਸੁਰੱਖਿਆ ਵਿਚ ਕਿੰਨੇ ਸੁਰੱਖਿਆ ਕਰਮੀ ਹੁੰਦੇ ਹਨ ਅਤੇ ਇਸਦਾ ਖਰਚ ਕਿੰਨਾ ਹੁੰਦਾ ਹੈ? ਜੇ ਨਹੀਂ ਤਾਂ ਪੜ੍ਹੋ ਸਾਡੀ ਇਹ ਰਿਪੋਰਟ।
Team Spokesman (Article)- ਬਲਾਤਕਾਰੀ ਸੌਦਾ ਸਾਧ ਅਤੇ ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਫਰਲੋ 'ਤੇ ਬਾਹਰ ਹੈ ਅਤੇ ਇਸੇ ਦੌਰਾਨ ਉਸਨੂੰ ਸਰਕਾਰ ਵੱਲੋਂ Z+ ਸੁਰੱਖਿਆ ਦੇ ਕੇ ਨਵਾਜ਼ਾ ਗਿਆ। ਇਸ ਮਾਮਲੇ ਨੂੰ ਲੈ ਕੇ ਚਾਰੇ ਪਾਸੇ ਨਿਖੇਦੀ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਿਆਨ ਦਿੰਦਿਆਂ ਦੱਸਿਆ ਕਿ ਰਾਮ ਰਹੀਮ ਨੂੰ ਇਸ ਕਰਕੇ ਸੁਰੱਖਿਆ ਦਿੱਤੀ ਗਈ ਹੈ ਕਿਓਂਕਿ ਉਸਦੀ ਜਾਨ ਨੂੰ ਖਤਰਾ ਸੀ।
ਬਹਰਹਾਲ ਇੰਨਾ ਸਰਕਾਰੀ ਹੁਕਮਾਂ ਦੇ ਪਰੇ ਕੀ ਤੁਸੀਂ ਜਾਣਦੇ ਹੋ Z+ ਸੁਰੱਖਿਆ ਵਿਚ ਕਿੰਨੇ ਸੁਰੱਖਿਆ ਕਰਮੀ ਹੁੰਦੇ ਹਨ ਅਤੇ ਇਸਦਾ ਖਰਚ ਕਿੰਨਾ ਹੁੰਦਾ ਹੈ? ਜੇ ਨਹੀਂ ਤਾਂ ਹੇਠਾਂ ਤੁਸੀਂ ਪੜ੍ਹਨ ਜਾ ਰਹੇ ਹੋ ਇਸ ਸੁਰੱਖਿਆ ਦੇ ਸਾਰੇ ਵੇਰਵੇ ਨੂੰ ਲੈ ਕੇ:
ਕੀ ਹੁੰਦੀ ਹੈ Z+ ਸੁਰੱਖਿਆ
ਸੁਰੱਖਿਆ ਦੀ ਬਲੂ ਬੁੱਕ ਅਨੁਸਾਰ, ਹਰੇਕ VVIP ਨੂੰ Z+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪਹਿਰਾ ਹੁੰਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ Z+ ਸ਼੍ਰੇਣੀ ਦੀ ਸੁਰੱਖਿਆ 'ਚ 58 ਕਮਾਂਡੋ ਤਾਇਨਾਤ ਹੁੰਦੇ ਹਨ। ਸੁਰੱਖਿਆ ਬਲੂ ਬੁੱਕ ਅਨੁਸਾਰ, Z+ ਸ਼੍ਰੇਣੀ ਦੀ ਸੁਰੱਖਿਆ ਵਿਚ 10 ਹਥਿਆਰਬੰਦ ਸਟੈਟਿਕ ਗਾਰਡ (ਕਮਾਂਡੋ), 6 ਪੀਐਸਓ ਇਕ ਸਮੇਂ ਵਿਚ ਚੌਵੀ ਘੰਟੇ, 24 ਜਵਾਨ, 2 ਐਸਕਾਰਟਸ ਚੌਵੀ ਘੰਟੇ, ਦੋ ਸ਼ਿਫਟਾਂ ਵਿੱਚ 5 ਨਿਗਰਾਨ ਸ਼ਾਮਲ ਹੁੰਦੇ ਹਨ। ਇਸਤੋਂ ਅਲਾਵਾ ਇਕ ਇੰਸਪੈਕਟਰ ਜਾਂ ਸਬ-ਇੰਸਪੈਕਟਰ ਨੂੰ ਇੰਚਾਰਜ ਵਜੋਂ ਤਾਇਨਾਤ ਕੀਤਾ ਜਾਂਦਾ ਹੈ।
ਕਿੰਨਾ ਹੈ ਖਰਚ?
ਇਹ Z+ ਸੁਰੱਖਿਆ 20 ਤੋਂ 25 ਲੱਖ ਰੁਪਏ ਪ੍ਰਤੀ ਮਹੀਨੇ ਦਾ ਖਰਚ ਮੰਗਦੀ ਹੈ।
Z+ ਤੋਂ ਅਲਾਵਾ Z, Y ਅਤੇ X ਸ਼੍ਰੇਣੀ ਦੀ ਸੁਰੱਖਿਆ ਵੀ ਕੀਤੀ ਜਾਂਦੀ ਹੈ VIPs ਨੂੰ ਪ੍ਰਦਾਨ
Z ਸ਼੍ਰੇਣੀ ਸੁਰੱਖਿਆ
ਇਹ ਸੁਰੱਖਿਆ ਦਾ ਦੂਜਾ ਪੱਧਰ ਹੈ। Z ਸ਼੍ਰੇਣੀ 22 ਕਰਮਚਾਰੀਆਂ ਦੀ ਸੁਰੱਖਿਆ ਪ੍ਰਦਾਨ ਕਰਦੀ ਹੈ, ਜਿਸਦੇ ਵਿਚ 4 ਜਾਂ 5 NSG ਕਮਾਂਡੋ + ਪੁਲਿਸ ਕਰਮਚਾਰੀ ਸ਼ਾਮਲ ਹੁੰਦੇ ਹਨ। ਇਹ ਦਿੱਲੀ ਪੁਲਿਸ ਜਾਂ ITBP ਜਾਂ CRPF ਕਰਮਚਾਰੀਆਂ ਦੁਆਰਾ ਇੱਕ ਐਸਕਾਰਟ ਕਾਰ ਦੇ ਨਾਲ ਪ੍ਰਦਾਨ ਕੀਤੀ ਜਾਂਦੀ ਹੈ। ਯੋਗ ਗੁਰੂ ਰਾਮਦੇਵ ਅਤੇ ਕਈ ਅਦਾਕਾਰਾਂ ਨੂੰ Z ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।
Y ਸ਼੍ਰੇਣੀ ਸੁਰੱਖਿਆ
ਇਹ ਸੁਰੱਖਿਆ ਦਾ ਤੀਜਾ ਪੱਧਰ ਹੈ। Y ਸ਼੍ਰੇਣੀ ਵਿਚ 11 ਕਰਮਚਾਰੀਆਂ ਦੀ ਸੁਰੱਖਿਆ ਹੁੰਦੀ ਹੈ, ਜਿਸਦੇ ਵਿਚ 1 ਜਾਂ 2 ਕਮਾਂਡੋ+ਪੁਲਿਸ ਕਰਮਚਾਰੀ ਸ਼ਾਮਲ ਹੁੰਦੇ ਹਨ। ਇਹ ਦੋ ਨਿੱਜੀ ਸੁਰੱਖਿਆ ਅਧਿਕਾਰੀ (ਪੀਐਸਓ) ਦੀ ਪੇਸ਼ਕਸ਼ ਕਰਦਾ ਹੈ। ਭਾਰਤ ਵਿਚ ਇਸ ਸ਼੍ਰੇਣੀ ਦੀ ਸੁਰੱਖਿਆ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਕਾਫ਼ੀ ਗਿਣਤੀ ਹੈ।
X ਸ਼੍ਰੇਣੀ ਸੁਰੱਖਿਆ
ਇਹ ਸੁਰੱਖਿਆ ਦਾ ਚੌਥਾ ਪੱਧਰ ਹੈ। X ਸ਼੍ਰੇਣੀ ਵਿਚ 2 ਕਰਮਚਾਰੀਆਂ ਦੀ ਸੁਰੱਖਿਆ ਹੈ (ਕੋਈ ਕਮਾਂਡੋ ਨਹੀਂ, ਸਿਰਫ ਹਥਿਆਰਬੰਦ ਪੁਲਿਸ ਕਰਮਚਾਰੀ) ਇਹ ਇੱਕ PSO (ਨਿੱਜੀ ਸੁਰੱਖਿਆ ਅਧਿਕਾਰੀ) ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਭਾਰਤ ਵਿਚ ਕਾਫ਼ੀ ਗਿਣਤੀ ਵਿਚ ਲੋਕਾਂ ਨੂੰ ਇਸ ਸ਼੍ਰੇਣੀ ਦੀ ਸੁਰੱਖਿਆ ਮਿਲਦੀ ਹੈ।
ਦੂਜੇ ਪਾਸੇ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਾਂ ਦੇ ਮੈਂਬਰਾਂ ਨੂੰ ਵਿਸ਼ੇਸ਼ ਸੁਰੱਖਿਆ ਸਮੂਹ (SPG) ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਦਰਅਸਲ, NSG ਦੇ ਬਹੁਤ ਸਾਰੇ ਕਰਮਚਾਰੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਨਾਲ ਜੁੜੇ ਹੋਏ ਹਨ ਜੋ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰਦੇ ਹਨ। ਪਰ ਕੁਝ ਵਿਸ਼ੇਸ਼ ਕਾਨੂੰਨੀ ਵਿਵਸਥਾਵਾਂ ਰਾਹੀਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਹ ਸਹੂਲਤ ਪ੍ਰਦਾਨ ਕੀਤੀ ਗਈ ਹੈ।
ਇਹ ਸਨ ਵੱਖ-ਵੱਖ ਸੁਰੱਖਿਆ ਸ਼੍ਰੇਣੀਆਂ ਦੀ ਜਾਣਕਾਰੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਛੋਟੀ ਜਿਹੀ Educational Report ਚੰਗੀ ਲੱਗੀ। ਜਲਦ ਹਾਜ਼ਿਰ ਹੋਵਾਂਗੇ ਸਾਡੀ ਅਗਲੀ Educational Report ਨਾਲ....