
ਪੁਲਿਸ ਨੇ ਦਰਵਾਜ਼ਾ ਤੋੜ ਕੇ ਕੱਢਿਆ ਬਾਹਰ
ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਕੋਰੋਨਾ ਦੇ ਡਰ ਕਾਰਨ ਆਪਣੇ ਨਾਬਾਲਿਗ ਪੁੱਤ ਸਮੇਤ ਘਰ ਚ ਹੀ ਖੁਦ ਨੂੰ ਕੈਦ ਕਰ ਲਿਆ ਸੀ। ਹੁਣ ਤਿੰਨ ਸਾਲ ਤੱਕ ਆਪਣੇ ਬੇਟੇ ਸਮੇਤ ਘਰ 'ਚ ਕੈਦ ਰਹਿਣ ਵਾਲੀ ਔਰਤ ਨੂੰ ਸੈਕਟਰ-10 ਦੇ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਦਾ ਇਲਾਜ ਲੰਬੇ ਸਮੇਂ ਤੱਕ ਚੱਲੇਗਾ। ਜਿਸ ਕਾਰਨ ਉਸ ਨੂੰ ਪੀ.ਜੀ.ਆਈ. ਭੇਜ ਦਿੱਤਾ ਗਿਆ।
ਮੈਡੀਕਲ ਅਫ਼ਸਰ ਡਾ: ਰੇਣੂ ਸਰੋਆ ਦਾ ਕਹਿਣਾ ਹੈ ਕਿ ਮਹਿਲਾ ਡਾਕਟਰਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਔਰਤ ਸਿਜ਼ੋਫਰੇਨੀਆ ਤੋਂ ਪੀੜਤ ਹੈ| ਮਾਨਸਿਕ ਰੋਗ 'ਚ ਮਰੀਜ਼ ਅਕਸਰ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਦੂਰੀ ਬਣਾ ਕੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲੈਂਦਾ ਹੈ। ਮਾਰੂਤੀ ਕੁੰਜ ਕਾਲੋਨੀ ਦੀ ਰਹਿਣ ਵਾਲੀ ਮੁਨਮੁਨ ਮਾਂਝੀ ਨੇ ਆਪਣੇ 10 ਸਾਲ ਦੇ ਬੇਟੇ ਨੂੰ ਤਿੰਨ ਸਾਲ ਤੱਕ ਘਰ 'ਚ ਕੈਦ ਰੱਖਿਆ ਹੋਇਆ ਸੀ। ਉਸ ਨੂੰ ਡਰ ਸੀ ਕਿ ਘਰੋਂ ਬਾਹਰ ਨਿਕਲਦੇ ਹੀ ਉਸ ਨੂੰ ਕੋਰੋਨਾ ਦੀ ਲਾਗ ਲੱਗ ਜਾਵੇਗੀ।
ਮਹਿਲਾ ਦੇ ਮਨ 'ਤੇ ਕੋਰੋਨਾ ਇਨਫੈਕਸ਼ਨ ਦਾ ਡਰ ਅਜਿਹਾ ਸੀ ਕਿ ਉਸ ਦੇ ਪਤੀ ਸੁਜਾਨ ਨੂੰ ਵੀ ਘਰ ਆਉਣ ਤੋਂ ਰੋਕ ਦਿੱਤਾ ਗਿਆ। ਸੁਜਾਨ ਕਈ ਮਹੀਨੇ ਆਪਣੇ ਇਕ ਰਿਸ਼ਤੇਦਾਰ ਅਤੇ ਦੋਸਤ ਕੋਲ ਰਿਹਾ। ਉਸ ਨੂੰ ਲੱਗਾ ਕਿ ਕੁਝ ਦਿਨਾਂ ਬਾਅਦ ਕੁਝ ਬਦਲ ਜਾਵੇਗਾ ਪਰ ਉਸ ਦੀ ਪਤਨੀ ਦੀ ਇਹ ਪ੍ਰੇਸ਼ਾਨੀ ਲਗਾਤਾਰ ਵਧਦੀ ਗਈ। ਜਦੋਂ ਉਸ ਦੀ ਪਤਨੀ ਨੇ ਉਸ ਦੀ ਕੋਈ ਗੱਲ ਨਾ ਸੁਣੀ ਤਾਂ ਉਸ ਨੇ ਡੇਢ ਸਾਲ ਪਹਿਲਾਂ ਉਨ੍ਹਾਂ ਦੇ ਘਰ ਦੇ ਕੋਲ ਇਕ ਕਮਰਾ ਕਿਰਾਏ 'ਤੇ ਲੈ ਲਿਆ ਅਤੇ ਸੁਜਾਨ ਵੀਡੀਓ ਕਾਲ ਰਾਹੀਂ ਆਪਣੀ ਪਤਨੀ ਅਤੇ ਬੇਟੇ ਨਾਲ ਸੰਪਰਕ ਵਿਚ ਰਹਿੰਦਾ ਸੀ।
ਕੋਰੋਨਾ ਦੇ ਡਰ ਕਾਰਨ ਔਰਤ ਆਪਣੇ ਬੇਟੇ ਨੂੰ ਸਕੂਲ ਨਹੀਂ ਭੇਜਦੀ ਸੀ ਅਤੇ ਉਸ ਨੂੰ ਆਨਲਾਈਨ ਪੜ੍ਹਾਈ ਕਰਵਾਉਂਦੀ ਸੀ। ਉਸ ਦਾ ਪਤੀ ਸਕੂਲ ਦੀ ਫੀਸ ਅਤੇ ਮਕਾਨ ਦਾ ਕਿਰਾਇਆ ਸਮੇਂ ਸਿਰ ਅਦਾ ਕਰਦਾ ਰਿਹਾ। ਰਸੋਈ ਦੀਆਂ ਚੀਜ਼ਾਂ ਔਨਲਾਈਨ ਆਰਡਰ ਕਰਦੀ ਸੀ ਅਤੇ ਸਮਾਨ ਨੂੰ ਗੇਟ 'ਤੇ ਰੱਖਣ ਲਈ ਕਹਿ ਦਿੰਦੀ ਸੀ। ਮੁਨਮੁਨ ਨੇ ਕੋਰੋਨਾ ਦੇ ਡਰੋਂ ਗੈਸ ਸਿਲੰਡਰ ਮੰਗਵਾਉਣਾ ਬੰਦ ਕਰ ਦਿੱਤਾ ਸੀ ਅਤੇ ਹੀਟਰ 'ਤੇ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਡਰ ਸੀ ਕਿ ਜੇਕਰ ਗੈਸ ਸਿਲੰਡਰ ਦੇਣ ਵਾਲਾ ਕਰਮਚਾਰੀ ਆ ਗਿਆ ਤਾਂ ਕਰੋਨਾ ਇਨਫੈਕਸ਼ਨ ਹੋ ਜਾਵੇਗਾ। ਸੁਜਾਨ ਨੇ ਆਪਣੀ ਪਤਨੀ ਦੇ ਵਿਵਹਾਰ ਬਾਰੇ ਆਪਣੇ ਸਹੁਰੇ ਨੂੰ ਦੱਸਿਆ ਪਰ ਉਹ ਉਸ ਨੂੰ ਮਨਾਉਣ ਵਿੱਚ ਅਸਫਲ ਰਹੇ।
ਔਰਤ ਨੇ ਕਿਹਾ ਕਿ ਜਦੋਂ ਬੱਚੇ ਨੂੰ ਕਰੋਨਾ ਵਿਰੋਧੀ ਵੈਕਸੀਨ ਲੱਗੇਗੀ ਤਾਂ ਉਹ ਉਸ ਨੂੰ ਘਰੋਂ ਬਾਹਰ ਕੱਢ ਦੇਵੇਗੀ। ਉਸ ਦੇ ਦਸ ਸਾਲ ਦੇ ਬੱਚੇ ਨੂੰ ਅਜੇ ਤੱਕ ਵੈਕਸੀਨ ਨਹੀਂ ਲੱਗੀ ਹੈ। ਹੁਣ ਕਰੀਬ ਤਿੰਨ ਸਾਲ ਬਾਅਦ ਸੁਜਾਨ ਨੇ ਪੁਲਿਸ ਨਾਲ ਸੰਪਰਕ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਇਹ ਪਰਿਵਾਰਕ ਮਾਮਲਾ ਹੈ। ਜਿਸ ਤੋਂ ਬਾਅਦ ਸੁਜਾਨ ਚੱਕਰਪੁਰ ਪੁਲਿਸ ਚੌਕੀ 'ਚ ਤਾਇਨਾਤ ਏ.ਐੱਸ.ਆਈ ਪ੍ਰਵੀਨ ਨੂੰ ਮਿਲਿਆ ਤਾਂ ਪ੍ਰਵੀਨ ਨੇ ਉਸ ਦੀ ਮਦਦ ਕੀਤੀ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 50,000 ਰਿਸ਼ਵਤ ਲੈਂਦਾ ਕਾਨੂੰਗੋ ਰੰਗੇ ਹੱਥੀਂ ਕਾਬੂ
ਦੱਸ ਦੇਈਏ ਕਿ ਸੋਮਵਾਰ ਨੂੰ ਮਹਿਲਾ-ਬਾਲ ਵਿਕਾਸ ਵਿਭਾਗ ਦੀ ਟੀਮ ਅਤੇ ਸਿਹਤ ਟੀਮ ਪੁਲਿਸ ਦੇ ਨਾਲ ਮਹਿਲਾ ਦੇ ਘਰ ਪਹੁੰਚੀ ਸੀ। ਉਥੇ ਔਰਤ ਨੇ ਗੇਟ ਨਹੀਂ ਖੋਲ੍ਹਿਆ ਅਤੇ ਔਰਤ ਨੇ ਜ਼ਬਰਦਸਤੀ ਗੇਟ ਖੋਲ੍ਹਣ 'ਤੇ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ। ਟੀਮ ਵਾਪਸ ਆ ਗਈ ਅਤੇ ਮੰਗਲਵਾਰ ਨੂੰ ਟੀਮ ਫਿਰ ਪਹੁੰਚੀ। ਸਥਿਤੀ ਨੂੰ ਭਾਂਪਦਿਆਂ ਟੀਮ ਨੇ ਦਰਵਾਜ਼ਾ ਤੋੜ ਕੇ ਮਹਿਲਾ ਅਤੇ ਉਸ ਦੇ ਪੁੱਤਰ ਨੂੰ ਬਾਹਰ ਕੱਢਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੈਕਟਰ 10 ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਔਰਤ ਨੂੰ ਸਮਝਾਇਆ ਗਿਆ ਹੈ ਕਿ ਕੋਰੋਨਾ ਦੀ ਲਾਗ ਖਤਮ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਗੈਂਗਸਟਰਾਂ 'ਤੇ NIA ਦੀ ਵੱਡੀ ਕਾਰਵਾਈ: ਲਾਰੈਂਸ, ਬੰਬੀਹਾ ਤੇ ਅਰਸ਼ ਡੱਲਾ ਦੇ 6 ਕਰੀਬੀ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ