
ਸਾਲ 2003 'ਚ ਹੋਏ ਇੱਕ ਝਗੜੇ ਦਾ ਹੈ ਮਾਮਲਾ
ਮਥੁਰਾ - ਮਥੁਰਾ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਕੂੜਾ ਸੁੱਟਣ ਕਾਰਨ ਉਪਜੇ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਦੇ ਕਤਲ ਦੇ ਕਰੀਬ 20 ਸਾਲ ਪੁਰਾਣੇ ਮਾਮਲੇ ਵਿੱਚ ਤਿੰਨ ਸਕੇ ਭਰਾਵਾਂ ਸਮੇਤ ਚਾਰ ਜਣਿਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਸਹਾਇਕ ਜ਼ਿਲ੍ਹਾ ਸਰਕਾਰੀ ਵਕੀਲ ਬ੍ਰਜੇਸ਼ ਕੁੰਤਲ ਨੇ ਵੀਰਵਾਰ ਨੂੰ ਦੱਸਿਆ ਕਿ 17 ਅਕਤੂਬਰ 2003 ਨੂੰ ਰਾਇਆ ਥਾਣਾ ਖੇਤਰ ਦੇ ਪਿੰਡ ਮਦੈਮ ਵਿੱਚ ਛੀਤਰ ਸਿੰਘ ਦਾ ਆਪਣੇ ਗੁਆਂਢੀ ਵਿਕਰਮ ਸਿੰਘ ਨਾਲ ਘਰ ਦੇ ਸਾਹਮਣੇ ਕੂੜਾ ਸੁੱਟਣ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਘਟਨਾ ਤੋਂ ਬਾਅਦ ਛੀਤਰ ਸਿੰਘ ਅਤੇ ਉਸ ਦੇ ਤਿੰਨ ਪੁੱਤਰ ਕੈਲਾਸ਼, ਸੁਭਾਸ਼, ਪ੍ਰਕਾਸ਼ ਅਤੇ ਕੈਲਾਸ਼ ਦੀ ਪਤਨੀ ਰਮਾ ਉਰਫ ਪੁਸ਼ਪਾ ਅਤੇ ਇੱਕ ਨਾਬਾਲਗ ਲੜਕੇ ਨੇ ਵਿਕਰਮ ਅਤੇ ਉਸ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ ਸੀ। ਇਸ ਘਟਨਾ ਵਿੱਚ ਗੋਲੀ ਲੱਗਣ ਕਾਰਨ ਵਿਕਰਮ ਸਿੰਘ ਦੀ ਮੌਤ ਹੋ ਗਈ ਸੀ।
ਕੁੰਤਲ ਨੇ ਦੱਸਿਆ ਕਿ ਵਿਕਰਮ ਸਿੰਘ ਦੇ ਭਰਾ ਰਣਧੀਰ ਸਿੰਘ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਵਾਇਆ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ।
ਉਨ੍ਹਾਂ ਦੱਸਿਆ ਕਿ ਕੇਸ ਦੀ ਸੁਣਵਾਈ ਦੌਰਾਨ ਮੁੱਖ ਮੁਲਜ਼ਮ ਛੀਤਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਨਾਬਾਲਗ ਮੁਲਜ਼ਮ ਦਾ ਮੁਕੱਦਮਾ ਜੁਵੇਨਾਈਲ ਜਸਟਿਸ ਬੋਰਡ ਨੂੰ ਟਰਾਂਸਫ਼ਰ ਕਰ ਦਿੱਤਾ ਗਿਆ ਸੀ।
ਕੁੰਤਲ ਨੇ ਦੱਸਿਆ ਕਿ ਵਧੀਕ ਜ਼ਿਲ੍ਹਾ ਜੱਜ ਅਤੇ ਸੈਸ਼ਨ ਜੱਜ (10ਵੀਂ) ਅਵਨੀਸ਼ ਕੁਮਾਰ ਪਾਂਡੇ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਬੁੱਧਵਾਰ ਨੂੰ ਕੈਲਾਸ਼, ਉਸ ਦੀ ਪਤਨੀ ਰਮਾ ਅਤੇ ਭਰਾਵਾਂ ਸੁਭਾਸ਼ ਤੇ ਪ੍ਰਕਾਸ਼ ਨੂੰ ਉਮਰ ਕੈਦ ਅਤੇ 23-23 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।