
ਕੋਲਕਾਤਾ ਸਥਿਤ ਭਾਜਪਾ ਹੈੱਡਕੁਆਰਟਰ ਦੇ ਬਾਹਰ ਵੱਡੀ ਗਿਣਤੀ ’ਚ ਸਿੱਖਾਂ ਦਾ ਪ੍ਰਦਰਸ਼ਨ ਜਾਰੀ ਹੈ
ਕੋਲਕਾਤਾ: ਪਛਮੀ ਬੰਗਾਲ ’ਚ ਇਕ ਸਿੱਖ ਪੁਲਿਸ ਅਧਿਕਾਰੀ ਨੂੰ ਖਾਲਿਸਤਾਨੀ ਕਹਿਣ ਦੇ ਮਾਮਲੇ ’ਚ ਅਣਪਛਾਤੇ ਭਾਜਪਾ ਨੇਤਾਵਾਂ ਵਿਰੁਧ FIR ਦਰਜ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਕੋਲਕਾਤਾ ਸਥਿਤ ਭਾਜਪਾ ਹੈੱਡਕੁਆਰਟਰ ਦੇ ਬਾਹਰ ਵੱਡੀ ਗਿਣਤੀ ’ਚ ਸਿੱਖਾਂ ਦਾ ਪ੍ਰਦਰਸ਼ਨ ਚਲ ਰਿਹਾ ਹੈ।
ਇਲਜ਼ਾਮ ਹੈ ਕਿ ਹਾਲ ਹੀ ’ਚ ਸੰਦੇਸਖਾਲੀ ’ਚ ਭਾਜਪਾ ਵਿਰੋਧੀ ਮਾਰਚ ਦੌਰਾਨ ਕਿਸੇ ਨੇ ਇਕ ਸਿੱਖ IPS ਅਧਿਕਾਰੀ ਨੂੰ ਖਾਲਿਸਤਾਨੀ ਕਿਹਾ ਸੀ, ਜਿਸ ਕਾਰਨ ਸਿੱਖ ਭਾਈਚਾਰੇ ਦੇ ਲੋਕ ਰੋਹ ’ਚ ਆ ਗਏ ਸਨ।
ਦੱਸ ਦੇਈਏ ਕਿ ਪਛਮੀ ਬੰਗਾਲ ਪੁਲਿਸ ’ਚ ਸਪੈਸ਼ਲ ਸੁਪਰਡੈਂਟ ਦੇ ਅਹੁਦੇ ’ਤੇ ਤਾਇਨਾਤ ਜਸਪ੍ਰੀਤ ਸਿੰਘ ਦਾ ਇਕ ਵੀਡੀਉ ਕਥਿਤ ਤੌਰ ’ਤੇ ਵਾਇਰਲ ਹੋਇਆ ਸੀ, ਜਿਸ ’ਚ ਉਹ ਕਹਿ ਰਹੇ ਹਨ ਕਿ ‘ਤੁਸੀਂ ਮੈਨੂੰ ਖਾਲਿਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨ੍ਹੀ ਹੋਈ ਹਾਂ।’ ਇਸ ਘਟਨਾ ਦੀ ਦੇਸ਼-ਵਿਦੇਸ਼ ’ਚ ਭਰਵੀਂ ਨਿੰਦਾ ਹੋਈ ਸੀ।