
ਉਲੰਘਣਾ ਕਾਰਨ ਕਿਸੇ ਨੂੰ ਕੋਈ ਰੁਕਾਵਟ ਜਾਂ ਸੱਟ ਨਹੀਂ ਲੱਗੀ ਹੈ : ਮੁੱਖ ਨਿਆਂਇਕ ਮੈਜਿਸਟਰੇਟ
ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਰਿਤੂਰਾਜ ਗੋਵਿੰਦ ਝਾਅ ਅਤੇ ਹੋਰਾਂ ਵਿਰੁਧ ਮਾਰਚ 2024 ’ਚ ਪ੍ਰਦਰਸ਼ਨ ਦੌਰਾਨ ਪੁਲਿਸ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿਤਾ ਹੈ।
ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਪਾਰਸ ਦਲਾਲ ਨੇ ਕਿਹਾ ਕਿ ਜੇਕਰ ਇਹ ਮੰਨ ਲਿਆ ਜਾਵੇ ਕਿ ਉਨ੍ਹਾਂ ਨੇ ਹੁਕਮ ਦੀ ਉਲੰਘਣਾ ਕੀਤੀ ਹੈ ਤਾਂ ਵੀ ਅਜਿਹੀ ਉਲੰਘਣਾ ਕਾਰਨ ਕਿਸੇ ਨੂੰ ਕੋਈ ਰੁਕਾਵਟ ਜਾਂ ਸੱਟ ਨਹੀਂ ਲੱਗੀ ਹੈ।
ਜੱਜ ਨੇ 21 ਫ਼ਰਵਰੀ ਨੂੰ ਜਾਰੀ ਹੁਕਮ ’ਚ ਕਿਹਾ ਕਿ ਜੇਕਰ ਇਹ ਮੰਨ ਲਿਆ ਜਾਵੇ ਕਿ ਦੋਸ਼ੀ ਵਿਅਕਤੀਆਂ ਨੇ ਏ.ਸੀ.ਪੀ. ਅਮਨ ਵਿਹਾਰ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਤਾਂ ਵੀ ਇਹ ਨਹੀਂ ਵਿਖਾਇਆ ਗਿਆ ਕਿ ਇਸ ਤਰ੍ਹਾਂ ਦੀ ਉਲੰਘਣਾ ਨਾਲ ਕਾਨੂੰਨੀ ਤੌਰ ’ਤੇ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਰੁਕਾਵਟ, ਪਰੇਸ਼ਾਨੀ ਜਾਂ ਸੱਟ ਲੱਗਣ ਦਾ ਖਤਰਾ ਹੋਵੇਗਾ। ਬੈਂਚ ਨੇ ਕਿਹਾ ਕਿ ਕਿਉਂਕਿ ਪੁਲਿਸ ਰੀਪੋਰਟ ’ਚ ਅਪਰਾਧ ਦਾ ਕੋਈ ਮਾਮਲਾ ਨਹੀਂ ਹੈ, ਇਸ ਲਈ ਇਹ ਅਦਾਲਤ ਅਪਰਾਧ ਦਾ ਨੋਟਿਸ ਲੈਣ ਤੋਂ ਇਨਕਾਰ ਕਰਦੀ ਹੈ।
ਝਾਅ ਨੇ ਕਾਰਪੋਰੇਟਰ ਰਵਿੰਦਰ ਭਾਰਦਵਾਜ ਅਤੇ ਆਮ ਆਦਮੀ ਪਾਰਟੀ (ਆਪ) ਦੇ ਹੋਰ ਕਾਰਕੁੰਨਾਂ ਨਾਲ ਮਿਲ ਕੇ 24 ਮਾਰਚ, 2024 ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੌਰਾਨ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਪੁਤਲਾ ਸਾੜਨ ਦੀ ਕੋਸ਼ਿਸ਼ ਕੀਤੀ।