
ਇਸ ਵਾਰ ਵੀ ਕੇਜਰੀਵਾਲ ਤੇ ਰਾਘਵ ਚੱਢਾ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜਿੰਮੇਵਾਰ ਠਹਿਰਾਉਣਗੇ?
ਨਵੀਂ ਦਿੱਲੀ - ਪੰਜਾਬ ਦੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਅੱਜ ਦਿੱਲੀ ਸਰਕਾਰ 'ਤੇ ਦਿੱਲੀ ਪ੍ਰਦੂਸ਼ਣ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ ਹੈ। ਦਰਅਸਲ ਹਵਾ ਦੀ ਗੁਣਵੱਤਾ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਹੋਈ ਹੈ ਜਿਸ 'ਚ ਦਿੱਲੀ ਨੂੰ ਦੁਨੀਆਂ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਐਲਾਨਿਆ ਗਿਆ ਹੈ। ਇਸ ਨੂੰ ਲੈ ਕੇ ਪਰਗਟ ਸਿੰਘ ਨੇ ਤੰਜ਼ ਕਸਦਿਆਂ ਇੱਕ ਟਵੀਟ ਕੀਤਾ ਜਿਸ 'ਚ ਲਿਖਿਆ ਕਿ ''ਦਿੱਲੀ ਨੂੰ ਅਰਵਿੰਦ ਕੇਜਰੀਵਾਲ ਦੀ ਯੋਗ ਅਗਵਾਈ 'ਚ ਲਗਾਤਾਰ ਚੌਥੇ ਸਾਲ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਹੋਣ ਦਾ ਮੌਕਾ ਮਿਲਿਆ ਹੈ।
ਪਰਗਟ ਸਿੰਘ ਨੇ ਅੱਗੇ ਲਿਖਿਆ ਕਿ ''ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੇਜਰੀਵਾਲ ਤੇ ਰਾਘਵ ਚੱਢਾ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜਿੰਮੇਵਾਰ ਠਹਿਰਾਉਣਗੇ? ਦੱਸ ਦਈਏ ਕਿ ਵਰਲਡ ਏਅਰ ਕੁਆਲਿਟੀ ਰਿਪੋਰਟ (QAIR) ਦੀ ਤਾਜ਼ਾ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਨਵੀਂ ਦਿੱਲੀ ਲਗਾਤਾਰ ਚੌਥੇ ਸਾਲ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣ ਗਈ ਹੈ। ਇਸ ਤੋਂ ਬਾਅਦ ਢਾਕਾ (ਬੰਗਲਾਦੇਸ਼), ਨਜਾਮੀਨਾ (ਚਾਡ) ਅਤੇ ਮਸਕਟ (ਓਮਾਨ) ਦਾ ਨੰਬਰ ਆਉਂਦਾ ਹੈ।
pollution
6,475 ਸ਼ਹਿਰਾਂ ਦੇ ਪ੍ਰਦੂਸ਼ਣ ਅੰਕੜਿਆਂ ਦੇ ਸਰਵੇਖਣ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇੱਕ ਵੀ ਸ਼ਹਿਰ ਵਿਸ਼ਵ ਸਿਹਤ ਸੰਗਠਨ (WHO) ਦੇ ਹਵਾ ਦੀ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕਿਆ ਹੈ ਅਤੇ ਕੋਵਿਡ-ਸਬੰਧਤ ਗਿਰਾਵਟ ਦੇ ਬਾਵਜੂਦ ਕੁਝ ਖੇਤਰਾਂ ਵਿੱਚ ਧੂੰਆਂ ਬਰਕਰਾਰ ਹੈ। ਸਿਰਫ਼ ਨਿਊ ਕੈਲੇਡੋਨੀਆ, ਯੂਐਸ ਵਰਜਿਨ ਆਈਲੈਂਡਜ਼ ਅਤੇ ਪੋਰਟੋ ਰੀਕੋ ਨੇ WHO PM2.5 ਹਵਾ ਗੁਣਵੱਤਾ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕੀਤਾ ਹੈ। ਇਹ ਰਿਪੋਰਟ ਜੋ ਸਾਲ 2021 ਵਿਚ ਵਿਸ਼ਵ ਪੱਧਰ 'ਤੇ ਹਵਾ ਦੀ ਗੁਣਵੱਤਾ ਦੀ ਸਥਿਤੀ ਦਾ ਵਰਣਨ ਕਰਦੀ ਹੈ, 117 ਦੇਸ਼ਾਂ ਦੇ 6,475 ਸ਼ਹਿਰਾਂ ਦੇ ਜਲਵਾਯੂ ਵਿਚ ਪੀਐਮ-2.5 ਸੂਖਮ ਕਣਾਂ ਦੀ ਮੌਜੂਦਗੀ ਨਾਲ ਸਬੰਧਤ ਅੰਕੜਿਆਂ 'ਤੇ ਅਧਾਰਤ ਹੈ।