ਸਬੂਤਾਂ ਦੀ ਘਾਟ ਕਾਰਨ ਰਾਕੇਸ਼ ਜੈਨ ਦੀ ਪਤਨੀ ਬਰੀ
ਚੰਡੀਗੜ੍ਹ: ਆਮਦਨ ਕਰ ਅਧਿਕਾਰੀ ਰਾਕੇਸ਼ ਜੈਨ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਇਸ ਕੇਸ ਵਿੱਚ ਉਸ ਦੀ ਪਤਨੀ ਸੁਨੀਤ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ ਪਰ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਜੈਨ ਨੂੰ ਸੀਬੀਆਈ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਸ ਨੂੰ 24 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ। ਜੈਨ ਨੂੰ ਸੀਬੀਆਈ ਨੇ 2013 ਵਿੱਚ ਰਿਸ਼ਵਤ ਦੇ ਦੋਸ਼ ਵਿੱਚ ਫੜਿਆ ਸੀ।
ਸੈਕਟਰ-22 ਦੇ ਇੱਕ ਰੀਅਲ ਅਸਟੇਟ ਏਜੰਟ ਨੇ ਉਸ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਸੀਬੀਆਈ ਉਸ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੀ ਵੀ ਜਾਂਚ ਕਰ ਰਹੀ ਸੀ। ਸੀ.ਬੀ.ਆਈ.ਨੂੰ ਜੈਨ ਦੇ ਘਰੋਂ 1-1 ਕਿਲੋ ਦੀਆਂ 3 ਸੋਨੇ ਦੀਆਂ ਇੱਟਾਂ ਤੇ ਲੱਖਾਂ ਰੁਪਏ ਮਿਲੇ ਸਨ।
ਸੀਬੀਆਈ ਨੇ ਸ਼ੁਰੂ ਵਿੱਚ ਜੈਨ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ ਕੀਤਾ ਸੀ ਜਿਸ ਵਿੱਚ ਉਸ ਨੂੰ ਫਰਵਰੀ 2020 ਵਿੱਚ 4 ਸਾਲ ਦੀ ਸਜ਼ਾ ਸੁਣਾਈ ਗਈ ਸੀ। ਰੀਅਲ ਅਸਟੇਟ ਏਜੰਟ ਅਸ਼ੋਕ ਅਰੋੜਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਮਿਲਿਆ ਹੈ। ਜੈਨ ਨੇ ਉਸ ਨੂੰ ਦਫਤਰ ਬੁਲਾਇਆ ਅਤੇ ਸਮਝੌਤੇ ਲਈ 5.5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਇਹ ਸੌਦਾ 2.5 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਸੀਬੀਆਈ ਨੇ ਜੈਨ ਨੂੰ ਸੈਕਟਰ-22 ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸੀਬੀਆਈ ਨੂੰ ਨਕਦੀ, 60 ਲੱਖ ਦੇ ਨਿਵੇਸ਼ ਦੇ ਕਾਗਜ਼ ਵੀ ਮਿਲੇ ਹਨ। ਇਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ।