
ਮਹਾਰਾਸ਼ਟਰ ਦੇ ਨਾਸਿਕ ਤੋਂ ਮੱਧ ਪ੍ਰਦੇਸ਼ ਦੇ ਸਤਨਾ ਜਾ ਰਹੀ ਸੀ ਰੇਲਗੱਡੀ
ਭੋਪਾਲ: ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ’ਚ ਇਕ 24 ਸਾਲ ਦੀ ਔਰਤ ਨੇ ਲੰਮੀ ਦੂਰੀ ਦੀ ਚੱਲਦੀ ਰੇਲ ਗੱਡੀ ’ਚ ਇਕ ਬੱਚੇ ਨੂੰ ਜਨਮ ਦਿਤਾ। ਔਰਤ ਨੇ ਸ਼ੁਕਰਵਾਰ ਤੜਕੇ ਮੁੰਬਈ-ਵਾਰਾਣਸੀ ਕਾਮਾਇਨੀ ਐਕਸਪ੍ਰੈਸ ’ਚ ਇਕ ਬੱਚੀ ਨੂੰ ਜਨਮ ਦਿਤਾ, ਜਿਸ ਤੋਂ ਬਾਅਦ ਉਸ ਦੇ ਪਰਵਾਰਕ ਮੈਂਬਰਾਂ ਨੇ ਬੱਚੀ ਦਾ ਨਾਮ ਰੇਲ ਗੱਡੀ ਦੇ ਨਾਂ ’ਤੇ ਰੱਖਿਆ। ਪਰਵਾਰ ਹੁਣ ਬੱਚੇ ਨੂੰ ‘ਕਾਮਾਇਨੀ’ ਕਹਿੰਦਾ ਹੈ।
ਗਰਭਵਤੀ ਔਰਤ ਅਪਣੇ ਪਤੀ ਨਾਲ ਮਹਾਰਾਸ਼ਟਰ ਦੇ ਨਾਸਿਕ ਤੋਂ ਮੱਧ ਪ੍ਰਦੇਸ਼ ਦੇ ਸਤਨਾ ਜਾ ਰਹੀ ਸੀ। ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ.) ਦੀ ਇੰਸਪੈਕਟਰ ਮੰਜੂ ਮਹੋਬੇ ਨੇ ਦਸਿਆ ਕਿ ਜਦੋਂ ਰੇਲ ਗੱਡੀ ਭੋਪਾਲ ਅਤੇ ਵਿਦਿਸ਼ਾ ਦੇ ਵਿਚਕਾਰ ਪਹੁੰਚੀ ਤਾਂ ਉਸ ਨੂੰ ਜਣੇਪਾ ਦੀਆਂ ਪੀੜਾਂ ਸ਼ੁਰੂ ਹੋ ਗਈਆਂ।
ਰੇਲਵੇ ਅਧਿਕਾਰੀ ਨੇ ਦਸਿਆ ਕਿ ਇਕੋ ਕੋਚ ’ਚ ਸਫਰ ਕਰ ਰਹੀਆਂ ਦੋ ਔਰਤਾਂ ਨੇ ਚੱਲਦੀ ਰੇਲ ਗੱਡੀ ’ਚ ਮਹਿਲਾ ਮੁਸਾਫ਼ਰ ਨੂੰ ਬੱਚੇ ਨੂੰ ਜਨਮ ਦੇਣ ’ਚ ਮਦਦ ਕੀਤੀ, ਜਦਕਿ ਬੋਗੀ ’ਚ ਸਵਾਰ ਇਕ ਮੁਸਾਫ਼ਰ ਨੇ ਰੇਲਵੇ ਸੁਰੱਖਿਆ ਬਲ ਨੂੰ ਡੱਬੇ ’ਚ ਜਨਮ ਬਾਰੇ ਸੂਚਿਤ ਕੀਤਾ।
ਇਸ ਤੋਂ ਬਾਅਦ ਰੇਲ ਗੱਡੀ ਨੂੰ ਵਿਦਿਸ਼ਾ ਰੇਲਵੇ ਸਟੇਸ਼ਨ ’ਤੇ ਰੋਕ ਦਿਤਾ ਗਿਆ, ਨਵਜੰਮੇ ਬੱਚੇ ਅਤੇ ਮਾਂ ਨੂੰ ਉਨ੍ਹਾਂ ਦੀ ਸਿਹਤ ਦਾ ਮੁਲਾਂਕਣ ਕਰਨ ਲਈ ਹਰਦਾ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਆਰ.ਪੀ.ਐਫ. ਅਧਿਕਾਰੀ ਨੇ ਦਸਿਆ ਕਿ ਮਾਂ ਅਤੇ ਬੱਚੀ ਦੋਹਾਂ ਦੀ ਸਿਹਤ ਠੀਕ ਹੈ ਅਤੇ ਉਨ੍ਹਾਂ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਬੱਚੀ ਦੇ ਪਰਵਾਰਕ ਮੈਂਬਰਾਂ ਨੇ ਐਕਸਪ੍ਰੈਸ ਟ੍ਰੇਨ ਦੇ ਨਾਂ ’ਤੇ ਉਸ ਦਾ ਨਾਂ ‘ਕਾਮਇਨੀ’ ਰੱਖਿਆ ਹੈ।