ਇਹ ਸਮਝੌਤਾ ਪ੍ਰਧਾਨ ਮੰਤਰੀ ਦੇ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਕਰੇਗਾ ਸਾਕਾਰ : ਮੁਕੇਸ਼ ਅੰਬਾਨੀ
ਨਵੀਂ ਦਿੱਲੀ, 22 ਅਪ੍ਰੈਲ : ਸੋਸ਼ਲ ਮੀਡੀਆ ਖੇਤਰ ਦੀ ਦਿੱਗਜ ਅਮਰੀਕੀ ਕੰਪਨੀ ਫ਼ੇਸਬੁੱਕ ਨੇ ਬੁਧਵਾਰ ਨੂੰ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਗਰੁੱਪ ਦੀ ਕੰਪਨੀ ਜੀਓ ਪਲੇਟਫ਼ਾਰਮ ਲਿਮਟਿਡ ਵਿਚ 9.99 ਫ਼ੀ ਸਦੀ ਹਿੱਸੇਦਾਰੀ ਖਰੀਦਣ ਲਈ 5.7 ਅਰਬ ਡਾਲਰ ਯਾਨੀ ਕਿ 43,574 ਕਰੋੜ ਰੁਪਏ ਦੇ ਨਿਵੇਸ਼ ਤੇ ਹਸਤਾਖਰ ਕੀਤੇ ਹਨ।
ਮੁਕੇਸ਼ ਅੰਬਾਨੀ ਨੇ ਕਿਹਾ ਹੈ ਕਿ ਇਹ ਡੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਸਹਾਇਤਾ ਕਰੇਗਾ। ਅੰਬਾਨੀ ਨੇ ਇਕ ਲੰਮੇ ਸਮੇਂ ਦੇ ਪਾਰਟਨਰ ਵਜੋਂ ਫੇਸਬੁੱਕ ਦਾ ਸਵਾਗਤ ਕੀਤਾ।
ਇਕ ਵੀਡੀਉ ਦੇ ਜ਼ਰੀਏ ਮੁਕੇਸ਼ ਅੰਬਾਨੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਡਿਜੀਟਲ ਇੰਡੀਆ ਮਿਸ਼ਨ ਵਿਚ ਦੋ ਮਹੱਤਵਪੂਰਣ ਟੀਚੇ ਨਿਰਧਾਰਤ ਕੀਤੇ ਹਨ- ਸਾਰੇ ਭਾਰਤੀਆਂ, ਖਾਸ ਕਰ ਕੇ ਆਮ ਆਦਮੀ ਲਈ 'ਈਜ਼ ਆਫ਼ ਲੀਵਿੰਗ' ਅਤੇ ਉਦਮੀਆਂ ਖਾਸ ਕਰ ਕੇ ਛੋਟੇ ਉਦਮੀਆਂ ਲਈ 'ਈਜ਼ ਆਫ਼ ਡੂਇੰਗ ਬਿਜ਼ਨੇਸ'। ਅੱਜ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜੀਓ ਅਤੇ ਫੇਸਬੁੱਕ ਵਿਚਕਾਰ ਸਮਝੌਤਾ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰੇਗਾ।
ਅੰਬਾਨੀ ਨੇ ਕਿਹਾ ਕਿ, 'ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਸੁਰੱਖਿਅਤ ਹੋ। ਅਸੀਂ ਸਾਰਿਆਂ ਦਾ ਅਤੇ ਰਿਲਾਇੰਸ ਜਿਓ ਫੇਸਬੁੱਕ ਇੰਕ ਦਾ ਸਵਾਗਤ ਕਰਦੇ ਹਾਂ। ਪਿਛਲੇ ਕੁਝ ਸਾਲਾਂ ਵਿਚ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਭਾਰਤ ਵਿਚ ਘਰੇਲੂ ਨਾਮ ਬਣ ਗਏ ਹਨ। ਵਟਸਐਪ ਭਾਰਤ ਦੀਆਂ ਸਾਰੀਆਂ 23 ਸਰਕਾਰੀ ਭਾਸ਼ਾਵਾਂ ਵਿਚ ਉਪਲਬਧ ਹੈ ਅਤੇ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਬਣ ਗਈ ਹੈ।'