
ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਪ੍ਰੋਮੋ 'ਚ 'ਜਬਰਾ ਫੈਨ' ਗੀਤ ਸ਼ਾਮਲ ਕੀਤਾ ਗਿਆ ਸੀ
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ (ਐੱਨ.ਸੀ.ਡੀ.ਆਰ.ਸੀ.) ਦੇ ਹੁਕਮ ਨੂੰ ਰੱਦ ਕਰਦੇ ਹੋਏ ਯਸ਼ਰਾਜ ਦੇ ਪੱਖ 'ਚ ਵੱਡਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਸੋਮਵਾਰ (22 ਅਪ੍ਰੈਲ) ਨੂੰ ਕਿਹਾ ਕਿ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਹਲਚਲ ਪੈਦਾ ਕਰਨ ਲਈ ਟ੍ਰੇਲਰ ਵਿਚ ਗੀਤ, ਸੰਵਾਦ ਜਾਂ ਸੰਖੇਪ ਦ੍ਰਿਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਬਿਲਕੁਲ ਵੀ ਜ਼ਰੂਰੀ ਨਹੀਂ ਹੈ ਕਿ ਜੋ ਟ੍ਰੇਲਰ 'ਚ ਹੈ, ਉਹ ਫਿਲਮ 'ਚ ਦੇਖਿਆ ਜਾਵੇ।
ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਵਿਚ ਐਨਸੀਡੀਆਰਸੀ ਨੇ ਪਹਿਲਾਂ ਯਸ਼ਰਾਜ ਫਿਲਮਜ਼ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਫ਼ਿਲਮ ਵਿਚੋਂ ‘ਫੈਨ’ ਦੇ ਇੱਕ ਗੀਤ ਨੂੰ ਬਾਹਰ ਕੀਤੇ ਜਾਣ ਤੋਂ ਨਾਰਾਜ਼ ਖਪਤਕਾਰ ਨੂੰ ਕੇਸ ਦੀ ਲਾਗਤ ਤੋਂ ਇਲਾਵਾ 10,000 ਰੁਪਏ ਦਾ ਮੁਆਵਜ਼ਾ ਅਦਾ ਕਰੇ। ਫਿਲਮ ਪ੍ਰੋਡਕਸ਼ਨ ਫਰਮ ਵੱਲੋਂ ਦਾਇਰ ਅਪੀਲ ਨੂੰ ਸਵੀਕਾਰ ਕਰਦੇ ਹੋਏ ਜਸਟਿਸ ਪੀਐਸ ਨਰਸਿਮਹਾ ਅਤੇ ਅਰਵਿੰਦ ਕੁਮਾਰ ਦੀ ਬੈਂਚ ਨੇ ਕਿਹਾ ਕਿ ਸ਼ਿਕਾਇਤਕਰਤਾ ਦਾ ਇਹ ਵਿਸ਼ਵਾਸ ਗਲਤ ਹੈ ਕਿ ਜੋ ਪ੍ਰਮੋਸ਼ਨਲ ਟ੍ਰੇਲਰ ਵਿੱਚ ਹੈ, ਉਹ ਫ਼ਿਲਮ ਵਿਚ ਵੀ ਹੋਵੇਗਾ।
ਸੁਪਰੀਮ ਕੋਰਟ ਦਾ ਇਹ ਫ਼ੈਸਲਾ ਯਸ਼ਰਾਜ ਫਿਲਮਜ਼ ਪ੍ਰਾਈਵੇਟ ਲਿਮਟਿਡ ਦੁਆਰਾ NCDRC ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਅਪੀਲ 'ਤੇ ਸੁਣਵਾਈ ਕਰਦੇ ਹੋਏ ਆਇਆ ਹੈ। NCDRC ਨੇ ਆਫਰੀਨ ਫਾਤਿਮਾ ਜ਼ੈਦੀ ਨਾਂ ਦੀ ਔਰਤ ਨੂੰ 10,000 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਸ਼ਾਹਰੁਖ ਖਾਨ ਸਟਾਰਰ ਫਿਲਮ ਦਾ ਪ੍ਰੋਮੋ ਦੇਖਣ ਤੋਂ ਬਾਅਦ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਇਸ ਨੂੰ ਦੇਖਣ ਦਾ ਫੈਸਲਾ ਕੀਤਾ।
ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਪ੍ਰੋਮੋ 'ਚ 'ਜਬਰਾ ਫੈਨ' ਗੀਤ ਸ਼ਾਮਲ ਕੀਤਾ ਗਿਆ ਸੀ ਪਰ ਜਦੋਂ ਉਨ੍ਹਾਂ ਨੇ ਫਿਲਮ ਦੇਖੀ ਤਾਂ ਗੀਤ ਗਾਇਬ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਜ਼ਿਲ੍ਹਾ ਫੋਰਮ ਵਿਚ ਇਹੀ ਸ਼ਿਕਾਇਤ ਦਰਜ ਕਰਵਾਈ। ਹਾਲਾਂਕਿ ਉਥੇ ਉਸ ਦੀ ਸ਼ਿਕਾਇਤ ਰੱਦ ਕਰ ਦਿੱਤੀ ਗਈ। ਇਸ ਤੋਂ ਬਾਅਦ ਉਸ ਨੇ ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਕੋਲ ਪਹੁੰਚ ਕੀਤੀ।