
ਬੱਚੇ ਦੀ ਮਾਂ ਹਰ ਰੋਜ਼ ਕਿਲੋਮੀਟਰ ਦੂਰ ਤੱਕ ਤੁਰ ਕੇ ਪਾਣਈ ਲੈਣ ਜਾਂਦੀ ਸੀ
ਨਵੀਂ ਦਿੱਲੀ - ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਨੇ ਭਾਵੇਂ ਖੂਹ ਨਾ ਦੇਖੇ ਹੋਣ ਪਰ ਪਿੰਡਾਂ ਦੇ ਲੋਕਾਂ ਦਾ ਖੂਹਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਕਦੇ ਪੀਣ ਵਾਲੇ ਪਾਣੀ ਲਈ ਤੇ ਕਦੇ ਸਿੰਚਾਈ ਲਈ ਪਰ ਅੱਜ ਜਿਸ ਕਹਾਣੀ ਜ਼ਿਕਰ ਅਸੀਂ ਕਰਨ ਜਾ ਰਹੇ ਹਾਂ ਉਹ ਕਹਾਣੀ ਪੜ੍ਹ ਕੇ ਤੁਸੀਂ ਵੀ ਕਹੋਗੇ ਵਾਹ। ਇਸ ਕਹਾਣੀ ਦਾ ਹੀਰੇ 14 ਸਾਲ ਦਾ ਬੱਚਾ ਹੈ। ਇਸ 14 ਸਾਲ ਦੇ ਬੱਚੇ ਨੇ ਖੁਦ ਆਪਣੇ ਘਰ 'ਚ ਖੂਹ ਪੁੱਟ ਕੇ ਆਪਣੀ ਮਾਂ ਨੂੰ ਅਜਿਹਾ ਤੋਹਫ਼ਾ ਦਿੱਤਾ ਹੈ, ਜਿਸ ਨੂੰ ਸਿਰਫ਼ ਉਸਦੀ ਮਾਂ ਹੀ ਨਹੀਂ ਬਲਕਿ ਇਸ ਕਹਾਣੀ ਨੂੰ ਪੜ੍ਹਨ ਵਾਲਾ ਕੋਈ ਵੀ ਵਿਅਕਤੀ ਕਦੇ ਨਹੀਂ ਭੁੱਲੇਗਾ।
ਇਹ ਮਹਾਰਾਸ਼ਟਰ ਦੇ ਪਾਲਘਰ ਦੀ ਕਹਾਣੀ ਹੈ। ਪਾਲਘਰ 'ਚ ਸੋਕੇ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ ਪਰ ਇਸ 14 ਸਾਲ ਦੇ ਬੱਚੇ ਨੇ ਜੋ ਕੀਤਾ ਉਹ ਨਵਾਂ ਹੋਣ ਦੇ ਨਾਲ-ਨਾਲ ਹੈਰਾਨੀਜਨਕ ਵੀ ਹੈ। ਇਹੀ ਕਾਰਨ ਹੈ ਕਿ ਅੱਜਕਲ੍ਹ ਹਰ ਪਾਸੇ ਇਸ ਕਹਾਣੀ ਦੀ ਚਰਚਾ ਹੈ। ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਕੇਲਵੇ ਧਵਾਂਗੇ ਪਾੜਾ ਤਾਲੁਕਾ ਦੇ 14 ਸਾਲਾ ਪ੍ਰਣਵ ਸਲਕਰ ਨੇ ਆਪਣੇ ਘਰ ਦੇ ਵਿਹੜੇ 'ਚ ਟੋਆ ਪੁੱਟ ਕੇ ਖੂਹ ਬਣਾਇਆ ਹੈ।
ਜੋ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਪ੍ਰਣਵ ਦੀ ਮਾਂ ਨੂੰ ਪਾਣੀ ਲੈਣ ਲਈ ਅੱਧਾ ਕਿਲੋਮੀਟਰ ਦੂਰ ਜਾਣਾ ਪੈਂਦਾ ਸੀ। ਪ੍ਰਣਵ ਆਪਣੀ ਮਾਂ ਦੀਆਂ ਮੁਸ਼ਕਲਾਂ ਦੇਖ ਕੇ ਬਹੁਤ ਚਿੰਤਤ ਰਹਿੰਦਾ ਸੀ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪ੍ਰਣਵ ਨੇ ਤੇਜ਼ ਧੁੱਪ 'ਚ ਸਖ਼ਤ ਮਿਹਨਤ ਨਾਲ ਸਿਰਫ਼ ਚਾਰ ਦਿਨਾਂ 'ਚ ਖੂਹ ਬਣਾ ਲਿਆ। ਇਸ ਛੋਟੀ ਉਮਰ ਵਿਚ ਪ੍ਰਣਵ ਦੀ ਮਾਂ ਦੀ ਦੇਖਭਾਲ ਅਤੇ ਦ੍ਰਿੜਤਾ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਪ੍ਰਣਵ ਦੀ ਮਾਂ ਦਰਸ਼ਨਾ ਅਤੇ ਪਿਤਾ ਰਮੇਸ਼ ਬਾਗਬਾਨੀ ਦਾ ਕੰਮ ਕਰਦੇ ਹਨ। ਸਵੇਰੇ ਕੰਮ ਕਰਨ ਤੋਂ ਬਾਅਦ ਮਾਂ ਮਜ਼ਦੂਰੀ ਕਰਨ ਜਾਂਦੀ ਸੀ ਅਤੇ ਸ਼ਾਮ ਨੂੰ ਥੱਕ ਕੇ ਵਾਪਸ ਆਉਂਦੀ ਤਾਂ ਅੱਧਾ ਕਿਲੋਮੀਟਰ ਦੂਰ ਜਾ ਕੇ ਪਾਣੀ ਭਰਨ ਜਾਂਦੀ ਸੀ। ਮਾਂ ਦੀ ਇਹ ਸਮੱਸਿਆ ਪ੍ਰਣਵ ਨੂੰ ਨਜ਼ਰ ਆਈ ਅਤੇ ਉਸ ਨੇ ਖੂਹ ਪੁੱਟਣ ਦਾ ਮਨ ਬਣਾ ਲਿਆ। ਉਸ ਨੇ ਘਰ ਦੇ ਵਿਹੜੇ ਵਿਚ ਹਰ ਰੋਜ਼ ਟੋਆ ਪੁੱਟਣਾ ਸ਼ੁਰੂ ਕਰ ਦਿੱਤਾ ਅਤੇ ਪ੍ਰਣਵ ਨੇ ਚਾਰ ਦਿਨਾਂ ਵਿਚ ਇਸ ਖੂਹ ਨੂੰ ਪੂਰਾ ਕਰ ਲਿਆ। ਪੰਦਰਾਂ ਫੁੱਟ ਡੂੰਘਾ ਟੋਆ ਪੁੱਟਣ ਤੋਂ ਬਾਅਦ ਉਸ ਵਿੱਚੋਂ ਤਾਜ਼ਾ ਪਾਣੀ ਨਿਕਲਣ ਲੱਗਿਆ।
ਟੋਆ ਪੁੱਟਣ ਲਈ ਪ੍ਰਣਵ ਨੂੰ ਕਾਫੀ ਮਿਹਨਤ ਕਰਨੀ ਪਈ। ਉਸ ਨੇ ਖੁਦ ਡੂੰਘੇ ਟੋਏ ਵਿੱਚੋਂ ਮਿੱਟੀ ਪੁੱਟਣ ਲਈ ਪੌੜੀ ਬਣਾਈ ਅਤੇ ਇਸ ਦੀ ਵਰਤੋਂ ਖੂਹ ਵਿਚੋਂ ਮਿੱਟੀ ਕੱਢਣੀ ਸ਼ੁਰੂ ਕੀਤੀ। ਟੋਆ ਪੁੱਟਦੇ ਸਮੇਂ ਕਈ ਵੱਡੇ ਪੱਥਰ ਵੀ ਮਿਲੇ ਪਰ ਪਿਤਾ ਦੀ ਮਦਦ ਨਾਲ ਉਨ੍ਹਾਂ ਪੱਥਰਾਂ ਨੂੰ ਵੀ ਹਟਾ ਦਿੱਤਾ ਗਿਆ। ਅਖੀਰ ਜਦੋਂ ਟੋਏ ਵਿਚ ਪਾਣੀ ਆਇਆ ਤਾਂ ਪ੍ਰਣਵ ਬਹੁਤ ਖੁਸ਼ ਹੋਇਆ। ਹੁਣ ਸਲਕਰ ਪਰਿਵਾਰ ਵਰਤੋਂ ਲਈ ਇਸ ਛੋਟੇ ਖੂਹ ਤੋਂ ਪਾਣੀ ਲੈਂਦਾ ਹੈ।
ਪ੍ਰਣਵ ਦੀ ਮਾਂ ਨੇ ਕਿਹਾ ਹੈ ਕਿ ਪਾਣੀ ਲਿਆਉਣ ਦੀ ਸਮੱਸਿਆ ਕੁਝ ਹੱਦ ਤੱਕ ਹੱਲ ਹੋ ਗਈ ਹੈ। ਉਸੇ ਤਰ੍ਹਾਂ ਪ੍ਰਣਵ ਦੇ ਪਿਤਾ ਨੇ ਕਿਹਾ ਕਿ ਉਹਨਾਂ ਨੇ ਸਿਰਫ਼ ਖੂਹ ਤੋਂ ਪੱਥਰ ਹਟਾਉਣ ਵਿਚ ਉਸਦੀ ਮਦਦ ਕੀਤੀ, ਹੋਰ ਕੁਝ ਨਹੀਂ ਕੀਤਾ। ਹੁਣ ਇਸ ਪਰਿਵਾਰ ਨੂੰ ਦੂਰੋ-ਦੂਰੋ ਪਾਣੀ ਨਹੀਂ ਲਿਆਉਣਾ ਪੈਂਦਾ ਬਲਕਿ ਘਰ ਵਿਚ ਹੀ ਪਾਣੀ ਉਪਲੱਬਧ ਹੋ ਗਿਆ ਹੈ।