
ਗੁਰਮੀਤ ਕੜਿਆਲਵੀ ਨੂੰ ਉਨ੍ਹਾਂ ਦੀ ਪੁਸਤਕ ‘ਸੱਚੀ ਦੀ ਕਹਾਣੀ’ ਲਈ ਮਿਲੇਗਾ ਪੁਰਸਕਾਰ
ਸੰਦੀਪ ਦੀ ਪੁਸਤਕ ‘ਚਿੱਤ ਦਾ ਜੁਗਰਾਫੀਆ’ ਨੂੰ ‘ਯੁਵਾ ਪੁਰਸਕਾਰ’
ਨਵੀਂ ਦਿੱਲੀ: ਸਾਹਿਤ ਅਕਾਦਮੀ ਨੇ ਸਾਲ 2023 ਲਈ ਬਾਲ ਸਾਹਿਤ ਪੁਰਸਕਾਰਾਂ ਦਾ ਐਲਾਨ ਕਰ ਦਿਤਾ ਹੈ। ਪੰਜਾਬੀ ’ਚ ਬਾਲ ਸਾਹਿਤ ਪੁਰਸਕਾਰ ਲਈ ਮਸ਼ਹੂਰ ਲੇਖਕ ਗੁਰਮੀਤ ਕੜਿਆਲਵੀ ਨੂੰ ਉਨ੍ਹਾਂ ਦੀ ਪੁਸਤਕ ‘ਸੱਚੀ ਦੀ ਕਹਾਣੀ’ ਲਈ ਇਨਾਮ ਦਿਤਾ ਗਿਆ ਹੈ।
ਇਸ ਤੋਂ ਇਲਾਵਾ ਹਿੰਦੀ ’ਚ ਬਾਲ ਸਾਹਿਤ ਪੁਰਸਕਾਰ ਲਈ ਸੂਰਿਆਨਾਥ ਸਿੰਘ ਦੀ ਪੁਸਤਕ ‘ਕੌਤੁਕ ਏਪ’, ਅੰਗਰੇਜ਼ੀ ਲਈ ਸੁਧਾ ਮੂਰਤੀ ਦੀ ਪੁਸਤਕ ‘ਗਰੈਂਡਪੈਰੇਂਟਸ ਬੈਗ ਆਫ਼ ਸਟੋਰੀਜ਼’ ਅਤੇ ਉਰਦੂ ਲਈ ਸਵ. ਮਤੀਨ ਅਚਾਲਪਰੀ ਦੀ ਪੁਸਤਕ ‘ਮਮਤਾ ਕੀ ਡੋਰ’ ਦੀ ਚੋਣ ਕੀਤੀ ਗਈ ਹੈ।
ਸਾਹਿਤ ਅਕਾਦਮੀ ਦੇ ਮੁਖੀ ਮਾਧਵ ਕੌਸ਼ਿਕ ਦੀ ਪ੍ਰਧਾਨਗੀ ’ਚ ਅਕਾਦਮੀ ਦੇ ਕਾਰਜਕਾਰੀ ਮੰਡਲ ਨੇ ਸ਼ੁਕਰਵਾਰ ਨੂੰ ਬਾਲ ਸਾਹਿਤ ਪੁਰਸਕਾਰ 2023 ਦਾ ਐਲਾਨ ਕੀਤਾ, ਜਿਨ੍ਹਾਂ ’ਚ 22 ਬਾਲ ਸਾਹਿਤਕਾਰਾਂ ਲਈ ਸਾਹਿਤ ਅਕਾਦਮੀ ਪੁਰਸਕਾਰ 2023 ਦੀ ਸਿਫ਼ਾਰਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ: ਉਡੀਸਾ ਰੇਲ ਹਾਦਸਾ : ਰੇਲਵੇ ਸਟੇਸ਼ਨਾਂ ਦੇ ਕਮਰਿਆਂ ਅੰਦਰ ਸੀ.ਸੀ.ਟੀ.ਵੀ. ਨਿਗਰਾਨੀ ਦਾ ਸੁਝਾਅ
ਮਣੀਪੁਰੀ ਭਾਸ਼ਾ ’ਚ ਬਾਲ ਸਾਹਿਤ ਪੁਰਸਕਾਰ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ, ਜਦਕਿ ਕਸ਼ਮੀਰੀ ਭਾਸ਼ਾ ’ਚ ਇਸ ਸਾਲ ਬਾਲ ਸਾਹਿਤ ਪੁਰਸਕਾਰ ਨਹੀਂ ਦਿਤੇ ਗਏ। ਇਸ ਤੋਂ ਇਲਾਵਾ ਸਾਹਿਤ ਅਕਾਦਮੀ ਨੇ ਨੌਜੁਆਨ ਸਾਹਿਤਕਾਰਾਂ ਲਈ ‘ਯੁਵਾ ਪੁਰਸਕਾਰ’ ਦਾ ਐਲਾਨ ਕਰ ਦਿਤਾ ਹੈ। ਪੰਜਾਬੀ ਭਾਸ਼ਾ ਲਈ ਇਹ ਪੁਰਸਕਾਰ ਸੰਦੀਪ ਦੀ ਕਿਤਾਬ ‘ਚਿੱਤ ਦਾ ਜੁਗਰਾਫ਼ੀਆ’ ਨੂੰ ਦਿਤਾ ਜਾਵੇਗਾ।
ਹਿੰਦੀ ਭਾਸ਼ਾ ਲਈ ਅਤੁਲ ਕੁਮਾਰ ਰਾਏ ਦੇ ਨਾਵਲ ‘ਚਾਂਦਪੁਰ ਕੀ ਚੰਗਾ’ ਨੂੰ, ਅੰਗਰੇਜ਼ੀ ਲਈ ਅਨਿਰੁੱਧ ਕਾਨੀਸੇਤੀ ਦੀ ਪੁਸਤਕ ‘ਲਾਰਡਜ਼ ਆਫ਼ ਦ ਡੈਕਨ’ ਨੂੰ, ਉਰਦੂ ਲਈ ਤੌਸੀਫ ਬਰੇਲਵੀ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਜ਼ਹੀਨ ਜ਼ਾਦ’ ਨੂੰ ਦਿਤਾ ਜਾਵੇਗਾ।
‘ਬਾਲ ਸਾਹਿਤ ਪੁਰਸਕਾਰ’ ਅਤੇ ‘ਯੁਵਾ ਪੁਰਸਰਕਾਰ’ ਲਈ ਇਨਾਮੀ ਰਕਮ 50-50 ਹਜ਼ਾਰ ਰੁਪਏ ਹੈ।