ਘਟਨਾ ਸਨਿਚਰਵਾਰ ਸ਼ਾਮ ਨੂੰ ਉਸ ਸਮੇਂ ਵਾਪਰੀ ਜਦੋਂ ਸੀ.ਬੀ.ਆਈ. ਦੀ ਇਕ ਟੀਮ ਨੇ ਇਲਾਕੇ ਦੇ ਕਸੀਆਡੀਹ ਪਿੰਡ ਦਾ ਦੌਰਾ ਕੀਤਾ
ਨਵੀਂ ਦਿੱਲੀ/ਪਟਨਾ: ਬਿਹਾਰ ਦੇ ਨਵਾਦਾ ’ਚ UGC-NET ਇਮਤਿਹਾਨ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (CBI) ਦੀ ਟੀਮ ’ਤੇ ਸਥਾਨਕ ਲੋਕਾਂ ਨੇ ਕਥਿਤ ਤੌਰ ’ਤੇ ਹਮਲਾ ਕਰ ਦਿਤਾ, ਜਿਸ ਤੋਂ ਬਾਅਦ ਕੇਂਦਰੀ ਏਜੰਸੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਸਨਿਚਰਵਾਰ ਸ਼ਾਮ ਨੂੰ ਉਸ ਸਮੇਂ ਵਾਪਰੀ ਜਦੋਂ ਸੀ.ਬੀ.ਆਈ. ਦੀ ਇਕ ਟੀਮ ਨੇ ਇਲਾਕੇ ਦੇ ਕਸੀਆਡੀਹ ਪਿੰਡ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਦਸਿਆ ਕਿ ਭੀੜ ਸੀ.ਬੀ.ਆਈ. ਗੱਡੀਆਂ ਦੇ ਆਲੇ-ਦੁਆਲੇ ਇਕੱਠੀ ਹੋ ਗਈ ਅਤੇ ਅਧਿਕਾਰੀਆਂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਨੇ ਦਸਿਆ ਕਿ ਸਥਾਨਕ ਥਾਣੇ ਨੂੰ ਫੋਨ ਕੀਤਾ ਗਿਆ, ਜਿਸ ਤੋਂ ਬਾਅਦ ਰਾਜੌਲੀ ਥਾਣੇ ਤੋਂ ਪੁਲਿਸ ਮੁਲਾਜ਼ਮਾਂ ਨੂੰ ਭੇਜਿਆ ਗਿਆ।
ਸਥਾਨਕ ਪੁਲਿਸ ਨੇ ਮੁਲਜ਼ਮਾਂ ਵਿਰੁਧ ਸਰਕਾਰੀ ਕੰਮ ’ਚ ਰੁਕਾਵਟ ਪਾਉਣ ਅਤੇ ਹਮਲਾ ਕਰਨ ਸਮੇਤ ਹੋਰ ਦੋਸ਼ਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ। ਉਨ੍ਹਾਂ ਦਸਿਆ ਕਿ ਹਮਲੇ ’ਚ ਕਥਿਤ ਤੌਰ ’ਤੇ ਸ਼ਾਮਲ ਚਾਰ ਵਿਅਕਤੀਆਂ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਗਿਆ ਹੈ।
ਕੇਂਦਰੀ ਸਿੱਖਿਆ ਮੰਤਰਾਲੇ ਦੇ ਹੁਕਮਾਂ ’ਤੇ ਸੀ.ਬੀ.ਆਈ. ਨੇ ਵੀਰਵਾਰ ਨੂੰ ਯੂ.ਜੀ.ਸੀ.-ਨੈੱਟ ਪੇਪਰ ਲੀਕ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਵਿਰੁਧ ਐਫ.ਆਈ.ਆਰ. ਦਰਜ ਕੀਤੀ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਜੂਨੀਅਰ ਰੀਸਰਚ ਫੈਲੋ, ਸਹਾਇਕ ਪ੍ਰੋਫੈਸਰ ਅਤੇ PhD ਸਕਾਲਰਾਂ ਦੀ ਚੋਣ ਲਈ 18 ਜੂਨ ਨੂੰ ਦੇਸ਼ ਭਰ ’ਚ ਦੋ ਸ਼ਿਫਟਾਂ ’ਚ ਯੂ.ਜੀ.ਸੀ.-ਨੈੱਟ-2024 ਇਮਤਿਹਾਨ ਲਿਆ ਗਿਆ ਸੀ।
ਸੂਤਰਾਂ ਨੇ ਦਸਿਆ ਕਿ ਅਗਲੇ ਦਿਨ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ) ਦੀ ਨੈਸ਼ਨਲ ਸਾਈਬਰ ਕ੍ਰਾਈਮ ਰਿਸਕ ਐਨਾਲਿਸਿਸ ਯੂਨਿਟ ਤੋਂ ਸੂਚਨਾ ਮਿਲੀ ਕਿ ਇਹ ਪੇਪਰ ਡਾਰਕਨੈੱਟ ’ਤੇ ਉਪਲਬਧ ਹੈ ਅਤੇ ਕਥਿਤ ਤੌਰ ’ਤੇ 5-6 ਲੱਖ ਰੁਪਏ ’ਚ ਵੇਚਿਆ ਜਾ ਰਿਹਾ ਹੈ।
ਅਧਿਕਾਰੀਆਂ ਨੇ ਦਸਿਆ ਕਿ ਸਿੱਖਿਆ ਮੰਤਰਾਲੇ ਦੀ ਸ਼ਿਕਾਇਤ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਸੰਸਥਾ ਆਈ4ਸੀ ਤੋਂ ਮਿਲੀ ਜਾਣਕਾਰੀ ਪਹਿਲੀ ਨਜ਼ਰ ’ਚ ਸੰਕੇਤ ਦਿੰਦੀ ਹੈ ਕਿ ਇਮਤਿਹਾਨ ਦੀ ਪਵਿੱਤਰਤਾ ਨਾਲ ਸਮਝੌਤਾ ਕੀਤਾ ਗਿਆ ਹੈ।