
ਭਾਰਤੀ ਆਦਿਵਾਸੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ, ‘ਸਿਖਿਆ ਮੰਤਰੀ ਦੀ ਮਾਨਸਿਕਤਾ ਦੀ ਜਾਂਚ ਹੋਣੀ ਚਾਹੀਦੀ ਹੈ’
ਜੈਪੁਰ: ਬਾਂਸਵਾੜਾ ਤੋਂ ਸੰਸਦ ਮੈਂਬਰ ਅਤੇ ਭਾਰਤ ਆਦਿਵਾਸੀ ਪਾਰਟੀ (ਬੀ.ਏ.ਪੀ.) ਦੇ ਆਗੂ ਰਾਜਕੁਮਾਰ ਰੋਤ ਨੇ ਰਾਜਸਥਾਨ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਦੀ ਉਨ੍ਹਾਂ ਬਾਰੇ ‘ਡੀ.ਐਨ.ਏ. ਟੈਸਟ’ ਵਾਲੀ ਟਿਪਣੀ ’ਤੇ ਜਵਾਬੀ ਹਮਲਾ ਕੀਤਾ ਅਤੇ ਕਿਹਾ ਕਿ ‘ਮੰਤਰੀ ਦੀ ਮਾਨਸਿਕਤਾ ਦੀ ਜਾਂਚ ਹੋਣੀ ਚਾਹੀਦੀ ਹੈ।’
ਦਿਲਾਵਰ ਨੇ ਸ਼ੁਕਰਵਾਰ ਨੂੰ ਇਕ ਵਿਵਾਦਪੂਰਨ ਬਿਆਨ ਦਿੰਦੇ ਹੋਏ ਕਿਹਾ ਕਿ ‘ਜੇਕਰ ਬੀ.ਏ.ਪੀ. ਆਗੂ ਖ਼ੁਦ ਨੂੰ ਹਿੰਦੂ ਨਹੀਂ ਮੰਨਦੇ ਤਾਂ ਇਸ ਗੱਲ ਦੀ ਪੁਸ਼ਟੀ ਕਰਨ ਲਈ ਡੀ.ਐਨ.ਏ. ਟੈਸਟ ਕਰਵਾਇਆ ਜਾਣਾ ਚਾਹੀਦਾ ਹੈ ਕਿ ਉਹ ਕਿਸੇ ਹਿੰਦੂ ਦੇ ਪੁੱਤਰ ਹਨ ਜਾਂ ਨਹੀਂ।’
ਰੋਤ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਇਕ ਆਦਿਵਾਸੀ ਭਾਈਚਾਰੇ ਨਾਲ ਸਬੰਧਤ ਹਨ ਅਤੇ ਹਿੰਦੂ ਧਰਮ ਸਮੇਤ ਵੱਖ-ਵੱਖ ਧਰਮਾਂ ’ਚ ਵੱਖ-ਵੱਖ ਵਿਸ਼ਵਾਸ ਰਖਦੇ ਹਨ। ਦਿਲਾਵਰ ਨੇ ਸਨਿਚਰਵਾਰ ਨੂੰ ਉਦੈਪੁਰ ’ਚ ਇਕ ਪ੍ਰੋਗਰਾਮ ’ਚ ਕਿਹਾ ਕਿ ਆਦਿਵਾਸੀ ਲੋਕ ਹਿੰਦੂਆਂ ਦਾ ਅਨਿੱਖੜਵਾਂ ਅੰਗ ਹਨ ਅਤੇ ਉਮੀਦ ਹੈ ਕਿ ਆਦਿਵਾਸੀ ਲੋਕ ਕੁੱਝ ਲੋਕਾਂ ਦੇ ਬਹਿਕਾਵੇ ’ਚ ਨਹੀਂ ਆਉਣਗੇ।
ਇਸ ਦੇ ਜਵਾਬ ’ਚ ਰੋਤ ਨੇ ਕਿਹਾ, ‘‘ਮੰਤਰੀ ਦੀ ਮਾਨਸਿਕਤਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।” ਰੋਤ ਨੇ ਇਕ ਵੀਡੀਉ ਬਿਆਨ ਜਾਰੀ ਕਰ ਕੇ ਮੰਤਰੀ ਦੀ ਟਿਪਣੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ, ‘‘ਤੁਸੀਂ ਡੀ.ਐਨ.ਏ. ਟੈਸਟ ਪੁਰਖਿਆਂ ਦੀ ਗੱਲ ਕਰ ਰਹੇ ਹੋ, ਇਹ ਤੁਹਾਡੇ ’ਤੇ ਵੀ ਲਾਗੂ ਹੁੰਦਾ ਹੈ। ਤੁਹਾਡੀ ਮਾਨਸਿਕਤਾ ਦੀ ਪਰਖ ਕੀਤੀ ਜਾਣੀ ਚਾਹੀਦੀ ਹੈ। ਅਜਿਹੀ ਭਾਸ਼ਾ ਤੁਹਾਨੂੰ ਸ਼ੋਭਾ ਨਹੀਂ ਦਿੰਦੀ, ਤੁਸੀਂ ਮੰਤਰੀ ਦੇ ਅਹੁਦੇ ’ਤੇ ਹੋ।”
ਰੋਤ ਨੇ ਕਿਹਾ, ‘‘ਜੇ ਤੁਸੀਂ ਆਦਿਵਾਸੀਆਂ ਬਾਰੇ ਗੱਲ ਕਰਨਾ ਚਾਹੁੰਦੇ ਹੋ, ਤਾਂ ਸਾਨੂੰ ਦੱਸੋ ਕਿ ਤੁਸੀਂ ਪਿਛਲੇ ਛੇ ਮਹੀਨਿਆਂ ’ਚ ਆਦਿਵਾਸੀਆਂ ਲਈ ਸਿੱਖਿਆ ਖੇਤਰ ’ਚ ਕੀ ਬਦਲਾਅ ਕੀਤੇ ਹਨ।”