ਮੰਤਰੀ ਨਰਿੰਦਰ ਮੋਦੀ ਪੇਪਰ ਲੀਕ ਗੈਂਗ ਅਤੇ ਸਿੱਖਿਆ ਮਾਫੀਆ ਦੇ ਸਾਹਮਣੇ ਬੇਵੱਸ ਹਨ : ਰਾਹੁਲ ਗਾਂਧੀ
ਨਵੀਂ ਦਿੱਲੀ: ਕਾਂਗਰਸ ਨੇ ਮੈਡੀਕਲ ਦਾਖਲਾ ਇਮਤਿਹਾਨ ਨੀਟ-ਯੂ.ਜੀ. ’ਚ ਕਥਿਤ ਬੇਨਿਯਮੀਆਂ ਤੋਂ ਬਾਅਦ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ’ਚ ਨੌਕਰਸ਼ਾਹੀ ’ਚ ਫੇਰਬਦਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਚੋਟੀ ਦੀ ਲੀਡਰਸ਼ਿਪ ਨੂੰ ਲੈਣੀ ਚਾਹੀਦੀ ਹੈ ਨਾ ਕਿ ਦੂਜਿਆਂ ’ਤੇ ਦੋਸ਼ ਲਗਾਉਣਾ ਚਾਹੀਦਾ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੂੰ ਇਕ ਖੁਦਮੁਖਤਿਆਰ ਸੰਸਥਾ ਵਜੋਂ ਪੇਸ਼ ਕੀਤਾ ਗਿਆ ਸੀ ਪਰ ਅਸਲ ਵਿਚ ਇਸ ਦੀ ਸਥਾਪਨਾ ਭਾਰਤੀ ਜਨਤਾ ਪਾਰਟੀ/ਰਾਸ਼ਟਰੀ ਸਵੈਮਸੇਵਕ ਸੰਘ ਦੇ ‘ਗੁੱਝੇ ਹਿੱਤਾਂ’ ਦੀ ਪੂਰਤੀ ਲਈ ਕੀਤੀ ਗਈ ਸੀ।
ਉਨ੍ਹਾਂ ਕਿਹਾ, ‘‘ਨੀਟ ਘਪਲੇ ਦੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਚੋਟੀ ਦੀ ਲੀਡਰਸ਼ਿਪ ਨੂੰ ਲੈਣੀ ਚਾਹੀਦੀ ਹੈ। ਨੌਕਰਸ਼ਾਹੀ ’ਚ ਫੇਰਬਦਲ ਕਰਨਾ ਭਾਜਪਾ ਵਲੋਂ ਤਬਾਹ ਕੀਤੀ ਗਈ ਸਿੱਖਿਆ ਪ੍ਰਣਾਲੀ ਦੀ ਸਮੱਸਿਆ ਦਾ ਹੱਲ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਿਆਂ ਦਿਵਾਉਣ ਲਈ ਮੋਦੀ ਸਰਕਾਰ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਕੇਂਦਰ ਸਰਕਾਰ ਨੇ ਸਨਿਚਰਵਾਰ ਨੂੰ ਐਨ.ਟੀ.ਏ. ਦੇ ਡਾਇਰੈਕਟਰ ਜਨਰਲ ਸੁਬੋਧ ਸਿੰਘ ਨੂੰ ਹਟਾ ਦਿਤਾ ਅਤੇ ਕੌਮੀ ਯੋਗਤਾ ਦਾਖਲਾ ਇਮਤਿਹਾਨ (ਨੀਟ) ’ਚ ਬੇਨਿਯਮੀਆਂ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਸੌਂਪ ਦਿਤੀ। ਸਿੱਖਿਆ ਮੰਤਰਾਲੇ ਨੇ ਨੀਟ-ਪੀ.ਜੀ. ਇਮਤਿਹਾਨ ਨੂੰ ਵੀ ਮੁਲਤਵੀ ਕਰ ਦਿਤਾ ਹੈ ਜੋ ਹਾਲ ਹੀ ਦੇ ਸਮੇਂ ’ਚ ਮੁਲਤਵੀ ਕੀਤੀ ਜਾਣ ਵਾਲਾ ਚੌਥਾ ਮੁਕਾਬਲੇ ਵਾਲਾ ਇਮਤਿਹਾਨ ਹੈ।
ਖੜਗੇ ਨੇ ਕਿਹਾ, ‘‘ਨੀਟ-ਪੀ.ਜੀ. ਇਮਤਿਹਾਨ ਮੁਲਤਵੀ ਕਰ ਦਿਤਾ ਗਿਆ ਹੈ ਅਤੇ ਪਿਛਲੇ 10 ਦਿਨਾਂ ’ਚ ਚਾਰੇ ਇਮਤਿਹਾਨ ਜਾਂ ਤਾਂ ਰੱਦ ਕਰ ਦਿਤੇ ਗਏ ਹਨ ਜਾਂ ਮੁਲਤਵੀ ਕਰ ਦਿਤੇ ਗਏ ਹਨ। ਪੇਪਰ ਲੀਕ, ਭ੍ਰਿਸ਼ਟਾਚਾਰ, ਬੇਨਿਯਮੀਆਂ ਅਤੇ ਸਿੱਖਿਆ ਮਾਫੀਆ ਨੇ ਸਾਡੀ ਸਿੱਖਿਆ ਪ੍ਰਣਾਲੀ ਵਿਚ ਘੁਸਪੈਠ ਕੀਤੀ ਹੈ।’’
ਖੜਗੇ ਨੇ ਕਿਹਾ ਕਿ ਦੇਰੀ ਨਾਲ ਕੀਤੀ ਗਈ ਇਸ ਕਾਰਵਾਈ ਦਾ ਕੋਈ ਨਤੀਜਾ ਨਹੀਂ ਨਿਕਲੇਗਾ ਕਿਉਂਕਿ ਅਣਗਿਣਤ ਨੌਜੁਆਨ ਇਸ ਕਾਰਨ ਪ੍ਰੇਸ਼ਾਨ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨੀਟ-ਪੀ.ਜੀ. ਇਮਤਿਹਾਨ ਮੁਲਤਵੀ ਕਰਨ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੇਪਰ ਲੀਕ ਗੈਂਗ ਅਤੇ ਸਿੱਖਿਆ ਮਾਫੀਆ ਦੇ ਸਾਹਮਣੇ ਬੇਵੱਸ ਹਨ।
ਰਾਹੁਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ, ‘‘ਹੁਣ ਨੀਟ-ਪੀ.ਜੀ. ਵੀ ਮੁਲਤਵੀ ਕਰ ਦਿਤੀ ਗਈ ਹੈ। ਇਹ ਸਿੱਖਿਆ ਪ੍ਰਣਾਲੀ ਦੀ ਇਕ ਹੋਰ ਮੰਦਭਾਗੀ ਉਦਾਹਰਣ ਹੈ ਜੋ ਨਰਿੰਦਰ ਮੋਦੀ ਦੇ ਅਧੀਨ ਢਹਿ-ਢੇਰੀ ਹੋ ਗਈ ਹੈ। ਭਾਜਪਾ ਦੇ ਸ਼ਾਸਨ ’ਚ ਵਿਦਿਆਰਥੀਆਂ ਨੂੰ ਅਪਣਾ ਭਵਿੱਖ ਬਚਾਉਣ ਲਈ ਸਰਕਾਰ ਨਾਲ ਲੜਾਈ ਲੜਨ ਲਈ ਮਜਬੂਰ ਹੋਣਾ ਪੈਂਦਾ ਹੈ, ਨਾ ਕਿ ਅਪਣਾ ਕਰੀਅਰ ਬਣਾਉਣ ਲਈ ‘ਪੜ੍ਹਾਈ‘ ਲਈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਹਰ ਵਾਰ ਚੁੱਪਚਾਪ ਤਮਾਸ਼ਾ ਵੇਖਣ ਵਾਲੇ ਮੋਦੀ ਪੇਪਰ ਲੀਕ ਗੈਂਗ ਅਤੇ ਸਿੱਖਿਆ ਮਾਫੀਆ ਦੇ ਸਾਹਮਣੇ ਪੂਰੀ ਤਰ੍ਹਾਂ ਬੇਵੱਸ ਹਨ।’’
ਉਨ੍ਹਾਂ ਕਿਹਾ, ‘‘ਨਰਿੰਦਰ ਮੋਦੀ ਦੀ ਅਯੋਗ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਲਈ ਸੱਭ ਤੋਂ ਵੱਡਾ ਖਤਰਾ ਹੈ।’’ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਨੀਟ-ਯੂ.ਜੀ. ਸਮੇਤ ਕੌਮੀ ਮੁਕਾਬਲੇ ਦੇ ਇਮਤਿਹਾਨਾਂ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਇਸ ਨੇ ਪੂਰੀ ਸਿੱਖਿਆ ਪ੍ਰਣਾਲੀ ਨੂੰ ‘ਮਾਫੀਆ’ ਅਤੇ ‘ਭ੍ਰਿਸ਼ਟਾਚਾਰੀਆਂ’ ਹਵਾਲੇ ਕਰ ਦਿਤਾ ਹੈ।
‘ਐਕਸ’ ’ਤੇ ਇਕ ਪੋਸਟ ਵਿਚ ਉਨ੍ਹਾਂ ਕਿਹਾ ਕਿ ਨੀਟ-ਯੂ.ਜੀ. ਪ੍ਰਸ਼ਨ ਪੱਤਰ ਲੀਕ ਹੋ ਗਿਆ ਸੀ, ਜਦਕਿ ਨੀਟ-ਪੀ.ਜੀ. ਯੂ.ਜੀ.ਸੀ.-ਨੈੱਟ ਅਤੇ ਸੀ.ਐਸ.ਆਈ.ਆਰ.-ਨੈੱਟ ਦੀਆਂ ਇਮਤਿਹਾਨ ਰੱਦ ਕਰ ਦਿਤੇ ਗਏ ਸਨ। ਇਸ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਸੀ, ‘‘ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਗੈਰ-ਜੈਵਿਕ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਦੀ ਅਯੋਗਤਾ ਕਾਰਨ ਕਿਸੇ ਵੀ ਇਮਤਿਹਾਨ ਨੂੰ ਰੱਦ ਕਰਨ ਦੀ ਖ਼ਬਰ ਨਾ ਹੋਵੇ।’’