
ਮਥੁਰਾ ਦੀ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਬੁਧਵਾਰ ਨੂੰ 35 ਸਾਲ ਪਹਿਲਾਂ ਭਰਤਪੁਰ (ਰਾਜਸਥਾਨ) ਦੇ ਰਾਜਾ ਮਾਨ ਸਿੰਘ ਦੇ ਫ਼ਰਜ਼ੀ
ਮਥੁਰਾ, 22 ਜੁਲਾਈ : ਮਥੁਰਾ ਦੀ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਬੁਧਵਾਰ ਨੂੰ 35 ਸਾਲ ਪਹਿਲਾਂ ਭਰਤਪੁਰ (ਰਾਜਸਥਾਨ) ਦੇ ਰਾਜਾ ਮਾਨ ਸਿੰਘ ਦੇ ਫ਼ਰਜ਼ੀ ਐਨਕਾਉਂਟਰ ਕੇਸ ਵਿਚ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਕਰਾਰ ਦਿੱਤੇ ਗਏ ਸਾਰੇ 11 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਰਾਜਾ ਮਾਨ ਸਿੰਘ ਸਮੇਤ 3 ਜਣੇ ਮੁਕਾਬਲੇ ਵਿਚ ਮਾਰੇ ਗਏ ਸਨ। ਅਦਾਲਤ ਵਲੋਂ ਦਿਤੀ ਗਈ ਸਜਾ ਅਨੁਸਾਰ ਧਾਰਾ 148 ’ਤੇ 2 ਸਾਲ ਦੀ ਜੇਲ੍ਹ ਅਤੇ 1000 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਧਾਰਾ 302, 149 ਉਮਰ ਕੈਦ ਅਤੇ 10 ਹਜ਼ਾਰ ਜੁਰਮਾਨਾ ਲਗਾਇਆ ਗਿਆ ਹੈ।
ਰਾਜਾ ਮਾਨਸਿੰਘ ਦੇ ਪ੍ਰਵਾਰਕ ਮੈਂਬਰਾਂ ਨੇ ਅਦਾਲਤ ਦੇ ਫ਼ੈਸਲੇ ’ਤੇ ਖ਼ੁਸ਼ੀ ਜ਼ਾਹਰ ਕੀਤੀ। ਰਾਜਾ ਮਾਨ ਸਿੰਘ ਦੀ ਬੇਟੀ ਦੀਪਾ ਨੇ ਕਿਹਾ ਕਿ ਇਨਸਾਫ਼ ਦੇਰ ਨਾਲ ਮਿਲਿਆ ਪਰ ਮਿਲਿਆ। ਇਸ ਦੇ ਨਾਲ ਹੀ ਦੋਸ਼ੀ ਧਿਰ ਦੇ ਵਕੀਲ ਨੇ ਕਿਹਾ ਕਿ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਉਹ ਹਾਈ ਕੋਰਟ ਵਿਚ ਅਪੀਲ ਕਰੇਗੀ।
ਦਰਅਸਲ, ਮੰਗਲਵਾਰ ਨੂੰ ਜ਼ਿਲ੍ਹਾ ਜੱਜ ਸਾਧਨਾ ਰਾਣੀ ਠਾਕੁਰ ਨੇ ਫ਼ੈਸਲਾ ਸੁਣਾਉਂਦੇ ਹੋਏ 11 ਪੁਲਿਸ ਮੁਲਾਜ਼ਮਾਂ ਨੂੰ ਆਈਪੀਸੀ ਦੀ ਧਾਰਾ 148, 149 ਅਤੇ 302 ਅਧੀਨ ਦੋਸ਼ੀ ਪਾਇਆ। ਉਸ ਵੇਲੇ ਦੇ ਸੀਓ ਕਾਨ੍ਹ ਸਿੰਘ ਭੱਟੀ ਅਤੇ ਐਸਓ ਵਰਿੰਦਰ ਸਿੰਘ ਸਮੇਤ 11 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ। ਇਸ ਦੇ ਨਾਲ ਹੀ ਅਦਾਲਤ ਨੇ ਜੇਡੀ ਨਾਲ ਹੇਰਾਫੇਰੀ ਕਰਨ ਦੇ ਦੋਸ਼ ਹੇਠ 3 ਪੁਲਿਸ ਮੁਲਾਜ਼ਮਾਂ ਨੂੰ ਬਰੀ ਕਰ ਦਿਤਾ।
File Photo
ਦਰਅਸਲ 21 ਫ਼ਰਵਰੀ 1985 ਨੂੰ ਰਾਜਾ ਮਾਨ ਸਿੰਘ ਦੀ ਪੁਲਿਸ ਮੁਕਾਬਲੇ ਵਿਚ ਮੌਤ ਹੋ ਗਈ ਸੀ ਜਦੋਂ ਉਹ ਚੋਣ ਮੁਹਿੰਮ ਦੌਰਾਨ ਡੀਗ ਅਨਾਜ ਮੰਡੀ ਵਿਚ ਸੀ। ਇਸ ਝੂਠੇ ਪੁਲਿਸ ਮੁਕਾਬਲੇ ਦੇ ਮੁੱਖ ਦੋਸ਼ੀ ਡੀਐਸਪੀ ਕਾਨ੍ਹ ਸਿੰਘ ਭੱਟੀ ਸਮੇਤ 17 ਪੁਲਿਸ ਮੁਲਾਜ਼ਮ ਸ਼ਾਮਲ ਸਨ। ਮੁਕਾਬਲੇ ਤੋਂ ਇਕ ਦਿਨ ਪਹਿਲਾਂ ਰਾਜਾ ਮਾਨ ਸਿੰਘ ’ਤੇ ਰਾਜਸਥਾਨ ਦੇ ਤਤਕਾਲੀ ਮੁੱਖ ਮੰਤਰੀ ਸ਼ਿਵਚਰਨ ਮਾਥੁਰ ਦਾ ਹੈਲੀਕਾਪਟਰ ਅਤੇ ਪਲੇਟਫਾਰਮ ਜੋਗਾ ਗੱਡੀ ਨਾਲ ਤੋੜਨ ਦੇ ਦੋਸ਼ ਲੱਗੇ ਸਨ। ਇਸ ਦੇ ਲਈ ਰਾਜਾ ਮਾਨ ਸਿੰਘ ਵਿਰੁੱਧ ਦੋ ਵੱਖਰੇ ਕੇਸ ਵੀ ਸਥਾਪਤ ਕੀਤੇ ਗਏ ਸਨ। ਘਟਨਾ ਦੇ ਸਮੇਂ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਸ਼ਿਵਚਰਨ ਮਾਥੁਰ ਮੁੱਖ ਮੰਤਰੀ ਸਨ। ਸੀਬੀਆਈ ਨੇ ਇਸ ਮਾਮਲੇ ਵਿੱਚ ਡੀਐਸਪੀ ਕਾਨ੍ਹ ਸਿੰਘ ਭੱਟੀ ਸਣੇ 17 ਹੋਰ ਪੁਲਿਸਕਰਮੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਕੇਸ ਦੀ ਸੁਣਵਾਈ ਮਥੁਰਾ ਦੀ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਵਿਚ ਚੱਲ ਰਹੀ ਸੀ। (ਪੀਟੀਆਈ)