Delhi News : ਵਿਰੋਧੀ ਧਿਰ ਦੀ ਸਰਕਾਰ ਵਾਲੇ ਸੂਬਿਆਂ ਨੂੰ ਅਣਗੌਲਾ ਕਰਨ ਬਾਰੇ ਵਿਰੋਧੀ ਧਿਰ ਦੀ ਆਲੋਚਨਾ ਨੂੰ ਕੀਤਾ ਰੱਦ
Delhi News: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਵਿਰੋਧੀ ਧਿਰ ਦੀ ਇਸ ਆਲੋਚਨਾ ਨੂੰ ਖਾਰਜ ਕਰ ਦਿਤਾ ਕਿ ਸਰਕਾਰ ਨੇ ਬਜਟ ’ਚ ਉਨ੍ਹਾਂ ਸੂਬਿਆਂ ਨੂੰ ਵਿਸ਼ੇਸ਼ ਸਹੂਲਤਾਂ ਦਿਤੀ ਹੈ, ਜਿੱਥੇ ਉਸ ਦੇ ਸਹਿਯੋਗੀ ਸੱਤਾ ’ਚ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਗਠਜੋੜ ਨੂੰ 230 ਤੋਂ ਵੱਧ ਸੀਟਾਂ ਮਿਲੀਆਂ ਹਨ, ਉਨ੍ਹਾਂ ਨੂੰ ਇਸ ’ਤੇ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਕੇਂਦਰ ਨੇ ਸਾਰੇ ਸੂਬਿਆਂ ਨੂੰ ਫੰਡ ਮੁਹੱਈਆ ਕਰਵਾਏ ਹਨ।
ਬਿਹਾਰ ਲਈ ਐਲਾਨੇ ਗਏ 60,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਅਤੇ ਆਂਧਰਾ ਪ੍ਰਦੇਸ਼ ਲਈ ਬਹੁ-ਆਯਾਮੀ ਸਹਾਇਤਾ ਦੇ ਵਾਅਦੇ ਬਾਰੇ ਉਨ੍ਹਾਂ ਕਿਹਾ ਕਿ ਬਜਟ ’ਚ ਸਾਰੇ ਸੂਬਿਆਂ ਨੂੰ 1.5 ਲੱਖ ਕਰੋੜ ਰੁਪਏ ਦੀ ਮਦਦ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਬਜਟ ਤੋਂ ਬਾਅਦ ਪ੍ਰੈਸ ਕਾਨਫਰੰਸ ’ਚ ਉਨ੍ਹਾਂ ਕਿਹਾ, ‘‘ਚੋਣਾਂ ਤੋਂ ਪਹਿਲਾਂ ਗਠਜੋੜ ਕਰ ਕੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਆਰਾਮ ਨਾਲ ਸਰਕਾਰ ਬਣਾਈ ਹੈ। ਇਹ ਇਤਿਹਾਸਕ ਹੈ।’’
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਤੀਜੇ ਕਾਰਜਕਾਲ ’ਚ ਵਿਕਾਸ ਲਈ ਕਈ ਐਲਾਨ ਕੀਤੇ ਹਨ, ਜਿਨ੍ਹਾਂ ’ਚ ਸੂਬਿਆਂ ਨੂੰ 50 ਸਾਲਾਂ ਲਈ ਬਿਨਾਂ ਵਿਆਜ ਦੇ 1.50 ਲੱਖ ਕਰੋੜ ਰੁਪਏ ਦੇਣ ਦਾ ਪ੍ਰਬੰਧ ਵੀ ਸ਼ਾਮਲ ਹੈ। ਇਹ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਵੱਖਰਾ ਹੈ।
ਉਨ੍ਹਾਂ ਕਿਹਾ, ‘‘ਸਾਨੂੰ ਸਾਰੇ ਸੂਬਿਆਂ ਤੋਂ ਪ੍ਰਸਤਾਵ ਮਿਲਦੇ ਹਨ ਅਤੇ ਉਚਿਤ ਪ੍ਰਕਿਰਿਆ ਅਨੁਸਾਰ ਉਨ੍ਹਾਂ ਦੇ ਪ੍ਰਾਜੈਕਟਾਂ ਨੂੰ ਫੰਡ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਬਜਟ ’ਚ ਪਛਮੀ ਬੰਗਾਲ ਦਾ ਜ਼ਿਕਰ ਨਹੀਂ ਹੈ, ਉਨ੍ਹਾਂ ਕਿਹਾ, ‘‘ਜੋ ਲੋਕ ਅਜਿਹੇ ਦਾਅਵੇ ਕਰ ਰਹੇ ਹਨ, ਉਨ੍ਹਾਂ ਨੂੰ ਭਾਸ਼ਣ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਕਿਉਂਕਿ ਪੁਰਵੋਦਿਆ ਯੋਜਨਾ ਦੇ ਵੇਰਵੇ ’ਚ ਸੂਬੇ ਦਾ ਨਾਂ ਵੀ ਸ਼ਾਮਲ ਹੈ।’’
ਉਨ੍ਹਾਂ ਕਿਹਾ, ‘‘ਜੇ ਬਜਟ ਭਾਸ਼ਣ ’ਚ ਰਾਜ ਦਾ ਨਾਮ ਨਹੀਂ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।’’ ਬਜਟ ’ਚ ਬਿਹਾਰ, ਝਾਰਖੰਡ, ਪਛਮੀ ਬੰਗਾਲ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੇ ਸਰਵਪੱਖੀ ਵਿਕਾਸ ਲਈ ਪੂਰਵੋਦਿਆ ਯੋਜਨਾ ਦਾ ਪ੍ਰਸਤਾਵ ਹੈ। (ਪੀਟੀਆਈ)
(For more news apart from Modi government gave money to all states without any discrimination: Sitharaman News in Punjabi, stay tuned to Rozana Spokesman)