
ਸੁਪਰੀਮ ਕੋਰਟ ਨੇ ਕਿਹਾ -ਪੂਰੇ ਇਮਤਿਹਾਨ 'ਚ ਬੇਨਿਯਮੀਆਂ ਦੇ ਪੁਖਤਾ ਸਬੂਤ ਨਹੀਂ
NEET-UG paper leak case : NEET ਪੇਪਰ ਲੀਕ ਮਾਮਲੇ 'ਚ ਪ੍ਰੀਖਿਆ ਦੁਬਾਰਾ ਕਰਵਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਪੂਰੀ ਹੋ ਗਈ ਹੈ। ਸੁਪਰੀਮ ਕੋਰਟ ਨੇ ਦੁਬਾਰਾ ਪ੍ਰੀਖਿਆ ਨਾ ਕਰਵਾਉਣ ਦਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪੂਰੇ ਇਮਤਿਹਾਨ 'ਚ ਬੇਨਿਯਮੀਆਂ ਦੇ ਪੁਖਤਾ ਸਬੂਤ ਨਹੀਂ ਹਨ।
ਰਿਪੋਰਟਾਂ ਮੁਤਾਬਕ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਤੈਅ ਹੈ ਕਿ ਪੇਪਰ ਲੀਕ ਹੋਇਆ ਹੈ। ਹਜ਼ਾਰੀਬਾਗ 'ਚ ਪੇਪਰ ਲੀਕ ਹੋਇਆ ਸੀ। ਹਾਲਾਂਕਿ, ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਪ੍ਰੀਖਿਆ ਵਿੱਚ ਖਾਮੀਆਂ ਦੇ ਪੁਖਤਾ ਸਬੂਤ ਨਹੀਂ ਮਿਲੇ ਹਨ। ਮੁੜ ਪ੍ਰੀਖਿਆ ਦੀ ਮੰਗ ਸਹੀ ਨਹੀਂ ਹੈ। ਇਸ ਦਾ ਵਿਦਿਆਰਥੀਆਂ 'ਤੇ ਮਾੜਾ ਅਸਰ ਪਵੇਗਾ।
ਹਾਲਾਂਕਿ, NEET ਪ੍ਰੀਖਿਆ ਦਾ ਨਤੀਜਾ ਦੁਬਾਰਾ ਐਲਾਨਿਆ ਜਾਵੇਗਾ। ਅਜਿਹਾ ਪੇਪਰ ਵਿੱਚ ਪੁੱਛੇ ਗਏ ਉਸ ਸਵਾਲ ਨੂੰ ਲੈ ਕੇ ਹੋਇਆ ਹੈ , ਜਿਸ ਦੇ 2 ਸਹੀ ਜਵਾਬ ਸਨ। ਅਦਾਲਤ ਨੇ ਆਈਆਈਟੀ ਦਿੱਲੀ ਦੀ ਰਿਪੋਰਟ ਮੁਤਾਬਕ ਵਿਕਲਪ 4 ਨੂੰ ਸਹੀ ਮੰਨਦੇ ਹੋਏ ਦੁਬਾਰਾ ਨਤੀਜਾ ਜਾਰੀ ਕਰਨ ਦਾ ਹੁਕਮ ਦਿੱਤਾ ਹੈ।
ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਪ੍ਰੀਖਿਆ ਰੱਦ ਕਰਨ ਦੇ ਗੰਭੀਰ ਨਤੀਜੇ ਹੋਣਗੇ। ਕਰੀਬ 24 ਲੱਖ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਸਵਾਲ ਖੜ੍ਹਾ ਹੋਇਆ ਸੀ। ਇਸ ਨਾਲ ਦਾਖਲਾ ਪ੍ਰਕਿਰਿਆ ਵਿਚ ਦੇਰੀ ਹੋ ਸਕਦੀ ਸੀ। ਇਸ ਦਾ ਭਵਿੱਖ ਵਿੱਚ ਮੈਡੀਕਲ ਐਜੂਕੇਸ਼ਨ, ਹਾਸ਼ੀਏ 'ਤੇ ਖੜੇ ਉਮੀਦਵਾਰਾਂ ਅਤੇ ਡਾਕਟਰਾਂ ਦੀ ਗਿਣਤੀ 'ਤੇ ਵੀ ਅਸਰ ਪਵੇਗਾ।