
ਕਿਹਾ, ਕਾਲੇ ਕੋਟ ਅਤੇ ਟੋਪੀ ਵਾਲੀ ਪੋਸ਼ਾਕ ਬਸਤੀਵਾਦੀ ਵਿਰਾਸਤ ਹੈ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਅਪਣੇ ਸਾਰੇ ਸੰਸਥਾਨਾਂ ਨੂੰ ਕਿਹਾ ਹੈ ਕਿ ਉਹ ਕਨਵੋਕੇਸ਼ਨ ਸਮਾਰੋਹਾਂ ਲਈ ਢੁਕਵੇਂ ਭਾਰਤੀ ਪਹਿਰਾਵੇ ਨਿਯਮ ਤਿਆਰ ਕਰਨ। ਮੰਤਰਾਲੇ ਨੇ ਕਿਹਾ ਕਿ ਕਾਲੇ ਕਪੜੇ ਅਤੇ ਟੋਪੀਆਂ ਪਹਿਨਣ ਦੀ ਮੌਜੂਦਾ ਪ੍ਰਥਾ ਬਸਤੀਵਾਦੀ ਵਿਰਾਸਤ ਹੈ ਜਿਸ ਨੂੰ ਬਦਲਣ ਦੀ ਜ਼ਰੂਰਤ ਹੈ।
ਮੰਤਰਾਲੇ ਦ ਚਿੱਠੀ ’ਚ ਕਿਹਾ ਗਿਆ ਹੈ ਕਿ ਇਸ ਸਮੇਂ ਮੰਤਰਾਲੇ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ ਕਨਵੋਕੇਸ਼ਨ ਦੌਰਾਨ ਕਾਲੇ ਕਪੜੇ ਅਤੇ ਟੋਪੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਇਹ ਪਹਿਰਾਵਾ ਮੱਧ ਯੁੱਗ ’ਚ ਯੂਰਪ ’ਚ ਪੈਦਾ ਹੋਇਆ ਸੀ ਅਤੇ ਅੰਗਰੇਜ਼ਾਂ ਨੇ ਇਸ ਨੂੰ ਅਪਣੀਆਂ ਸਾਰੀਆਂ ਬਸਤੀਆਂ ’ਚ ਪੇਸ਼ ਕੀਤਾ ਸੀ। ਚਿੱਠੀ ’ਚ ਕਿਹਾ ਗਿਆ ਹੈ, ‘‘ਉਪਰੋਕਤ ਪਰੰਪਰਾ ਇਕ ਬਸਤੀਵਾਦੀ ਵਿਰਾਸਤ ਹੈ ਜਿਸ ਨੂੰ ਬਦਲਣ ਦੀ ਲੋੜ ਹੈ।’’
ਚਿੱਠੀ ’ਚ ਕਿਹਾ ਗਿਆ ਹੈ, ‘‘ਮੰਤਰਾਲੇ ਨੇ ਇਹ ਫੈਸਲਾ ਕੀਤਾ ਹੈ ਕਿ ਮੈਡੀਕਲ ਸਿੱਖਿਆ ਪ੍ਰਦਾਨ ਕਰਨ ਵਾਲੇ ਏਮਜ਼/ਆਈ.ਐਨ.ਆਈ. ਸਮੇਤ ਮੰਤਰਾਲੇ ਦੀਆਂ ਵੱਖ-ਵੱਖ ਸੰਸਥਾਵਾਂ ਅਪਣੇ ਸੰਸਥਾਨਾਂ ਦੀ ਕਨਵੋਕੇਸ਼ਨ ਲਈ ਢੁਕਵੇਂ ਭਾਰਤੀ ਪਹਿਰਾਵੇ ਨਿਯਮ ਤਿਆਰ ਕਰਨਗੀਆਂ।’’ ਮੰਤਰਾਲੇ ਨੇ ਉਨ੍ਹਾਂ ਨੂੰ ਇਸ ਸਬੰਧ ’ਚ ਇਕ ਪ੍ਰਸਤਾਵ ਪੇਸ਼ ਕਰਨ ਲਈ ਕਿਹਾ ਜਿਸ ਨੂੰ ਕੇਂਦਰੀ ਸਿਹਤ ਸਕੱਤਰ ਵਲੋਂ ਮਨਜ਼ੂਰੀ ਦਿਤੀ ਜਾਵੇਗੀ।