
ਅਖਬਾਰੀ ਖ਼ਬਰ ਦਾ ਰਵਾਲਾ ਦਿੰਦਿਆਂ ਸਰਕਾਰ ਦੀਆਂ ਨੀਤੀਆਂ 'ਤੇ ਚੁੱਕੇ ਸਵਾਲ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੇਂਦਰ ਸਰਕਾਰ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਰਾਹੁਲ ਗਾਂਧੀ ਨੇ ਸਰਕਾਰ ਦੀ ਕਾਰਗੁਜ਼ਾਰੀ ਸਵਾਲ ਖੜ੍ਹੇ ਕਰਦਿਆਂ ਗੁਆਢੀ ਦੇਸ਼ਾਂ ਨਾਲ ਸਬੰਧ ਵਿਗਾੜਣ ਦੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਗੁਆਢੀ ਦੇਸ਼ ਭਾਰਤ ਨਾਲੋਂ ਟੁੱਟ ਕੇ ਚੀਨ ਨਾਲ ਜੁੜ ਰਹੇ ਹਨ। ਉਨ੍ਹਾਂ ਨੇ ਇਹ ਦੋਸ਼ ਬੰਗਲਾਦੇਸ਼ ਨਾਲ ਭਾਰਤ ਦੇ ਸਬੰਧਾਂ ਨਾਲ ਜੁੜੀ ਇਕ ਖ਼ਬਰ ਦਾ ਹਵਾਲਾ ਦਿੰਦਿਆਂ ਲਾਏ ਹਨ।
Rahul Gandhi and Narendra Modi
ਰਾਹੁਲ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਵੱਖ-ਵੱਖ ਦੇਸ਼ਾਂ ਨਾਲ ਰਿਸ਼ਤਿਆਂ ਦੇ ਉਸ ਤਾਣੇ-ਬਾਣੇ ਨੂੰ ਖ਼ਰਾਬ ਕਰ ਦਿਤਾ, ਜੋ ਕਾਂਗਰਸ ਦੀਆਂ ਸਰਕਾਰਾਂ ਨੇ ਦਹਾਕਿਆਂ 'ਚ ਬਣਾਏ ਸਨ। ਉਨ੍ਹਾਂ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, ''ਕਾਂਗਰਸ ਨੇ ਕਈ ਦਾਹਕਿਆਂ 'ਚ ਰਿਸ਼ਤਿਆਂ ਦਾ ਤਾਣਾ-ਬਾਣਾ ਬੁਨਿਆ ਸੀ, ਉਸ ਨੂੰ ਮੋਦੀ ਜੀ ਨੇ ਨਸ਼ਟ ਕਰ ਦਿਤਾ ਹੈ।
Rahul Gandhi
ਕਾਂਗਰਸੀ ਆਗੂ ਨੇ ਇਕ ਅਖ਼ਬਾਰ ਦੀ ਖ਼ਬਰ ਸਾਂਝੀ ਕੀਤੀ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਬੰਗਲਾਦੇਸ਼ ਨਾਲ ਭਾਰਤ ਦਾ ਰਿਸ਼ਤਾ ਕਮਜ਼ੋਰ ਹੋ ਗਿਆ ਹੈ, ਜਦੋਂ ਕਿ ਚੀਨ ਅਤੇ ਬੰਗਲਾਦੇਸ਼ ਦਰਮਿਆਨ ਰਿਸ਼ਤੇ ਮਜ਼ਬੂਤ ਹੋਏ ਹਨ।
Rahul Gandhi
ਦੱਸਣਯੋਗ ਹੈ ਕਿ ਚੀਨ ਹਮੇਸ਼ਾ ਹੀ ਭਾਰਤ ਨੂੰ ਘੇਰਨ ਲਈ ਗੁਆਢੀ ਮੁਲਕਾਂ 'ਚ ਅਪਣਾ ਪ੍ਰਭਾਵ ਵਧਾਉਣ ਲਈ ਯਤਨਸ਼ੀਲ ਰਿਹਾ ਹੈ। ਭਾਰਤ ਦੇ ਸਭ ਤੋਂ ਨੇੜਲੇ ਮਿੱਤਰ ਦੇਸ਼ ਨੇਪਾਲ ਨਾਲ ਰਿਸ਼ਤਿਆਂ 'ਚ ਆਈ ਖਟਾਸ ਨੂੰ ਵੀ ਚੀਨ ਦੀ ਇਸੇ ਕੂਟਨੀਤੀ ਵਜੋਂ ਵੇਖਿਆ ਜਾ ਰਿਹਾ ਹੈ।