
ਸਮਾਰੋਹ ਵਿਚ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ਼ਾਮਲ ਹੋਏ।
ਵਾਰਾਣਸੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਵਿਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨਾਲ ਇਸ ਸਮਾਗਮ ਵਿੱਚ ਦਿੱਗਜ ਕ੍ਰਿਕਟਰ ਸੁਨੀਲ ਗਾਵਸਕਰ, ਕਪਿਲ ਦੇਵ, ਸਚਿਨ ਤੇਂਦੁਲਕਰ, ਦਿਲੀਪ ਵੇਂਗਸਰਕਰ, ਵਿਸ਼ਵਨਾਥ ਗੁੰਡੱਪਾ ਅਤੇ ਰਵੀ ਸ਼ਾਸਤਰੀ ਆਦਿ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਵੀਰਵਾਰ ਨੂੰ ਇੱਕ ਬਿਆਨ ਵਿਚ ਕਿਹਾ ਸੀ ਕਿ ਵਾਰਾਣਸੀ ਵਿਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਆਧੁਨਿਕ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਵੱਲ ਇੱਕ ਕਦਮ ਹੋਵੇਗਾ। ਵਾਰਾਣਸੀ ਦੇ ਰਾਜਾਤਾਲਾਬ ਵਿਚ ਗੰਜਰੀ ਵਿਚ ਬਣਨ ਵਾਲੇ ਆਧੁਨਿਕ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਨੂੰ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ 30 ਏਕੜ ਤੋਂ ਵੱਧ ਖੇਤਰ ਵਿਚ ਵਿਕਸਤ ਕੀਤਾ ਜਾਵੇਗਾ।
ਸਟੇਡੀਅਮ ਦੀ ਥੀਮੈਟਿਕ ਆਰਕੀਟੈਕਚਰ ਭਗਵਾਨ ਸ਼ਿਵ ਤੋਂ ਪ੍ਰੇਰਿਤ ਹੈ, ਜਿਸ ਵਿਚ ਇੱਕ ਚੰਦਰਮਾ ਦੇ ਆਕਾਰ ਦੀ ਛੱਤ ਅਤੇ ਤ੍ਰਿਸ਼ੂਲ ਦੇ ਆਕਾਰ ਦੀਆਂ ਫਲੱਡ-ਲਾਈਟਾਂ ਹਨ। ਇਸ ਵਿਚ ਬੈਠਣ ਦੀ ਵਿਵਸਥਾ ਨੂੰ ਇੱਕ ਘਾਟ ਦਾ ਆਕਾਰ ਦਿੱਤਾ ਜਾਵੇਗਾ। ਸਟੇਡੀਅਮ ਦੀ ਸਮਰੱਥਾ 30,000 ਦਰਸ਼ਕਾਂ ਦੀ ਹੋਵੇਗੀ। ਜਿੱਥੇ ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਸਟੇਡੀਅਮ ਲਈ ਜ਼ਮੀਨ ਐਕੁਆਇਰ ਕਰਨ 'ਤੇ 121 ਕਰੋੜ ਰੁਪਏ ਖਰਚ ਕੀਤੇ ਹਨ, ਉਥੇ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਇਸ ਦੇ ਨਿਰਮਾਣ 'ਤੇ 330 ਕਰੋੜ ਰੁਪਏ ਖਰਚ ਕਰੇਗਾ।
ਸਮਾਰੋਹ ਵਿਚ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ਼ਾਮਲ ਹੋਏ। ਇਸ ਮੌਕੇ 'ਤੇ ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ, ਉਪ ਪ੍ਰਧਾਨ ਰਾਜੀਵ ਸ਼ੁਕਲਾ ਅਤੇ ਸਕੱਤਰ ਜੈ ਸ਼ਾਹ ਵੀ ਮੌਜੂਦ ਸਨ। ਸਟੇਡੀਅਮ ਦੇ ਦਸੰਬਰ 2025 ਤੱਕ ਤਿਆਰ ਹੋਣ ਦੀ ਸੰਭਾਵਨਾ ਹੈ।
ਕਾਨਪੁਰ ਅਤੇ ਲਖਨਊ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਇਹ ਤੀਜਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੋਵੇਗਾ।