
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੂਨ 2011 ਵਿੱਚ ਰੱਖਿਆ ਸੀ ਨੀਂਹ ਪੱਥਰ
Bihar Bridge Collapse : ਬਿਹਾਰ ਦੇ ਪਟਨਾ ਜ਼ਿਲ੍ਹੇ ’ਚ ਐਤਵਾਰ ਰਾਤ ਬਖਤਿਆਰਪੁਰ-ਤਾਜਪੁਰ ਗੰਗਾ ਮਹਾਸੇਤੂ ਦਾ ਨਿਰਮਾਣ ਅਧੀਨ ਹਿੱਸਾ ਢਹਿ ਗਿਆ। ਇਹ ਘਟਨਾ ਬਖਤਿਆਰਪੁਰ-ਤਾਜਪੁਰ ਗੰਗਾ ਮਹਾਸੇਤੂ ਦੇ ਗਰਡਰਾਂ ਦੇ ਬੇਅਰਿੰਗ ਬਦਲਣ ਦੌਰਾਨ ਵਾਪਰੀ। ਉਨ੍ਹਾਂ ਵਿਚੋਂ ਇਕ ਥੰਮ੍ਹਾਂ ’ਤੇ ਗਰਡਰ ਰਖਦੇ ਸਮੇਂ ਡਿੱਗ ਪਿਆ।
ਬਿਹਾਰ ਸਟੇਟ ਰੋਡ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਬੀ.ਐਸ.ਆਰ.ਡੀ.ਸੀ.ਐਲ.) ਦੇ ਮੁੱਖ ਜਨਰਲ ਮੈਨੇਜਰ ਪ੍ਰਬੀਨ ਚੰਦਰ ਗੁਪਤਾ ਨੇ ਦਸਿਆ, ‘‘ਬੇਅਰਿੰਗ ਬਦਲਣਾ ਇਕ ਆਮ ਅਭਿਆਸ ਹੈ। ਅਜੇ ਤਕ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅਸੀਂ ਕੰਮ ਦਾ ਨਿਰੀਖਣ ਕਰਨ ਲਈ ਮੌਕੇ ’ਤੇ ਜਾ ਰਹੇ ਹਾਂ।’’ ਬੀ.ਐਸ.ਆਰ.ਡੀ.ਸੀ.ਐਲ. ਬਖਤਿਆਰਪੁਰ-ਤਾਜਪੁਰ ਗੰਗਾ ਮਹਾਸੇਤੂ ਦੇ ਨਿਰਮਾਣ ਦੀ ਨਿਗਰਾਨੀ ਕਰ ਰਹੀ ਹੈ।
ਪਟਨਾ ਦੇ ਜ਼ਿਲ੍ਹਾ ਅਧਿਕਾਰੀ ਚੰਦਰਸ਼ੇਖਰ ਸਿੰਘ ਨੇ ਕਿਹਾ ਕਿ ਨਿਯਮਿਤ ਕੰਮ ਦੌਰਾਨ ਬਖਤਿਆਰਪੁਰ ਵਾਲੇ ਪਾਸੇ ਉਸਾਰੀ ਅਧੀਨ ਪੁਲ ਦਾ ਇਕ ਗਰਡਰ ਡਿੱਗ ਗਿਆ। ਇਸ ਪ੍ਰਾਜੈਕਟ ਦਾ ਨਿਰਮਾਣ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੂਨ 2011 ’ਚ 5.57 ਕਿਲੋਮੀਟਰ ਲੰਮੇ ਬਖਤਿਆਰਪੁਰ-ਤਾਜਪੁਰ ਗੰਗਾ ਮਹਾਸੇਤੂ ਦਾ ਨੀਂਹ ਪੱਥਰ ਰੱਖਿਆ ਸੀ। ਇਸ ਪ੍ਰਾਜੈਕਟ ਦੀ ਕੁਲ ਲਾਗਤ 1,602.74 ਕਰੋੜ ਰੁਪਏ ਸੀ। ਪ੍ਰਾਜੈਕਟ ਦੇ ਪੂਰਾ ਹੋਣ ਤੋਂ ਬਾਅਦ, ਇਹ ਪੁਲ ਸਮਸਤੀਪੁਰ ’ਚ ਐਨ.ਐਚ. 28 ਅਤੇ ਪਟਨਾ ’ਚ ਐਨ.ਐਚ. 31 ਨੂੰ ਜੋੜੇਗਾ।
ਇਸ ਪ੍ਰਾਜੈਕਟ ਦਾ ਉਦੇਸ਼ ਪਟਨਾ ’ਚ ਮਹਾਤਮਾ ਗਾਂਧੀ ਸੇਤੂ ਅਤੇ ਮੋਕਾਮਾ ’ਚ ਰਾਜੇਂਦਰ ਸੇਤੂ ’ਤੇ ਟ੍ਰੈਫਿਕ ਭੀੜ ਨੂੰ ਘਟਾਉਣਾ ਹੈ। ਇਹ ਘਟਨਾ ਹਾਲ ਹੀ ਦੇ ਦਿਨਾਂ ’ਚ ਬਿਹਾਰ ਦੇ ਕਈ ਜ਼ਿਲ੍ਹਿਆਂ ’ਚ ਇਕ ਦਰਜਨ ਤੋਂ ਵੱਧ ਪੁਲਾਂ ਦੇ ਢਹਿ ਜਾਣ ਦੇ ਪਿਛੋਕੜ ’ਚ ਆਈ ਹੈ।
ਬਿਹਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਦੋਸ਼ ਲਾਇਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਜਮੁਈ ਦੀ ਬਰਨਾਰ ਨਦੀ ’ਤੇ ਬਣਿਆ ਪੁਲ ਵੀ ਇਕ ਹਫਤਾ ਪਹਿਲਾਂ ਢਹਿ ਗਿਆ ਸੀ, ਜਦਕਿ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਇਸ ਦੀ ਕਥਿਤ ਤੌਰ ’ਤੇ ਜਾਂਚ ਕੀਤੀ ਸੀ।
ਉਨ੍ਹਾਂ ਦੋਸ਼ ਲਾਇਆ ਕਿ 20 ਸਾਲਾਂ ਦੀ ਐਨ.ਡੀ.ਏ. ਸਰਕਾਰ ਦੀ ਨੀਂਹ ਕਮਿਸ਼ਨਿੰਗ, ਰਿਸ਼ਵਤਖੋਰੀ, ਸੰਸਥਾਗਤ ਭ੍ਰਿਸ਼ਟਾਚਾਰ, ਵਿੱਤੀ ਬੇਨਿਯਮੀਆਂ, ਗੈਰ-ਕਾਨੂੰਨੀ ਜਬਰੀ ਵਸੂਲੀ ਅਤੇ ਅਪਰਾਧੀਆਂ ਅਤੇ ਅਧਿਕਾਰੀਆਂ ਦੀ ਸੰਗਠਤ ਲੁੱਟ ’ਤੇ ਟਿਕੀ ਹੋਈ ਹੈ। ਉਨ੍ਹਾਂ ਕਿਹਾ, ‘‘ਕੀ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਣਗੇ ਕਿ ਬਿਹਾਰ ’ਚ ਪੁਲਾਂ ਦਾ ਡਿੱਗਣਾ ਇਕ ਭ੍ਰਿਸ਼ਟਾਚਾਰੀ ਸੰਜੋਗ ਹੈ ਜਾਂ ਪ੍ਰਯੋਗ?