ਵਾਤਾਵਰਨ ਦੀ ਸੁਰੱਖਿਆ ਤੇ ਕਾਗ਼ਜ਼ ਦੀ ਖ਼ਪਤ ਘਟਾਉਣ ਲਈ ਚੁੱਕਿਆ ਕਦਮ
ਈ-ਆਫ਼ਿਸ ਜ਼ਰੀਏ ਤੇਜ਼ੀ ਨਾਲ ਹੋਵੇਗਾ ਕੰਮਕਾਜ ਦਾ ਨਬੇੜਾ
ਰੇਲਵੇ ਬੋਰਡ ਨੇ ਜਾਰੀ ਕੀਤੇ ਨਿਰਦੇਸ਼
ਨਵੀਂ ਦਿੱਲੀ : ਇੱਕ ਨਵੰਬਰ ਤੋਂ ਰੇਲਵੇ ਪੂਰੀ ਤਰ੍ਹਾਂ ਕਾਗ਼ਜ਼ ਰਹਿਤ ਹੋ ਜਾਵੇਗਾ। ਕਾਗਜ਼ਾਂ ਜ਼ਰੀਏ ਪੱਤਰ ਵਿਵਹਾਰ ਕਰਨ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿਤੀ ਜਾਵੇਗੀ। ਇਸ ਦੀ ਜਗ੍ਹਾ ਈ-ਆਫ਼ਿਸ ਪਲੇਟਫਾਰਮ ਜ਼ਰੀਏ ਮੇਲ ਰਾਹੀਂ ਪੂਰਾ ਕੰਮਕਾਜ ਹੋਵੇਗਾ। ਇਸ ਵਿਵਸਥਾ ਵਿਚੋਂ ਫਿਲਹਾਲ ਵਿਜੀਲੈਂਸ ਵਿਭਾਗ ਨੂੰ ਰਾਹਤ ਦਿਤੀ ਗਈ ਹੈ।
ਇਥੋਂ ਤੱਕ ਕਿ ਦੋ ਜ਼ੋਨਾਂ ਵਿਚਾਲੇ ਹੋਣ ਵਾਲੇ ਕਰ-ਵਿਹਾਰ ਵੀ ਹੁਣ ਈ-ਆਫ਼ਿਸ ਪਲੇਟਫਾਰਮ ਜ਼ਰੀਏ ਹੀ ਹੋਣਗੇ। ਦੇਸ਼ ਵਿਚ ਵਾਤਾਵਰਨ ਦੀ ਸੁਰੱਖਿਆ ਅਤੇ ਕਾਗਜ਼ਾਂ ਦੀ ਖ਼ਪਤ ਘਟਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਇਹ ਮਹੱਤਵਪੂਰਨ ਫੈਸਲਾ ਲਿਆ ਹੈ ਕਿ ਅਗਲੇ ਮਹੀਨੇ ਯਾਨੀ ਇੱਕ ਨਵੰਬਰ ਤੋਂ ਸਾਰਾ ਕੰਮਕਾਜ ਕਾਗ਼ਜ਼ ਰਹਿਤ ਹੋਵੇਗਾ।
ਕਾਗ਼ਜ਼ ਦੀ ਬਜਾਇ ਹੁਣ ਆਨਲਾਈਨ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ। ਰੇਲਵੇ ਬੋਰਡ ਨੇ ਜ਼ੋਨਲ ਰੇਲਵੇ ਅਤੇ ਸਾਰੀਆਂ ਯੂਨਿਟਾਂ ਨੂੰ ਇਸ 'ਤੇ ਅਮਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਦਸਤਾਵੇਜ਼ਾਂ 'ਤੇ ਅਫਸਰਾਂ ਦੇ ਦਸਤਖਤ ਕਰਵਾਉਣ ਮਗਰੋਂ ਵੀ ਸਾਰੇ ਦਸਤਾਵੇਜ਼ ਸਕੇਂ ਕਰ ਕੇ ਆਫੀਸ਼ੀਅਲ ਈ-ਮੇਲ ਜ਼ਰੀਏ ਹੀ ਭੇਜੇ ਜਾਣਗੇ। ਵਿਭਾਗ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਕੰਕਾਜ ਦਾ ਨਬੇੜਾ ਵੀ ਜਲਦੀ ਹੋਵੇਗਾ ਅਤੇ ਕਾਗ਼ਜ਼ ਦੀ ਖ਼ਪਤ ਵੀ ਘੱਟ ਹੋਵੇਗੀ।