
ਘਰ ਵਿਚ ਲੈਂਟਰ ਦੀ ਤਰਾਈ ਦਾ ਚੱਲ ਰਿਹਾ ਸੀ ਕੰਮ
ਹਾਂਸੀ - ਹਰਿਆਣਾ 'ਚ ਹਿਸਾਰ ਦੇ ਹਾਂਸੀ ਨੇੜੇ ਪਿੰਡ ਮੁੰਡਲ ਖੁਰਦ ਕੋਲ ਬੀਤੀ ਰਾਤ ਵੱਡਾ ਹਾਦਸਾ ਵਾਪਰ ਗਿਆ। ਇੱਥੇ ਲੈਂਟਰ ਦਾ ਕੰਮ ਕਰ ਰਹੇ ਇਕੋ ਪਰਿਵਾਰ ਦੇ 5 ਵਿਅਕਤੀਆਂ ਨੂੰ ਕਰੰਟ ਲੱਗ ਗਿਆ। ਇਨ੍ਹਾਂ 'ਚੋਂ 2 ਭਰਾਵਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 3 ਹੋਰ ਝੁਲਸ ਗਏ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਾਂਸੀ ਦੇ ਸਿਵਲ ਹਸਪਤਾਲ 'ਚ ਰਖਵਾਈਆਂ ਗਈਆਂ ਹਨ, ਜਿਨ੍ਹਾਂ ਦਾ ਅੱਜ ਪੋਸਟਮਾਰਟਮ ਹੋਵੇਗਾ।
ਜਾਣਕਾਰੀ ਅਨੁਸਾਰ ਜੋਗਿੰਦਰ ਪਿੰਡ ਮੁੰਡਲ ਖੁਰਦ ਵਿਚ ਆਪਣਾ ਨਵਾਂ ਘਰ ਬਣਾ ਰਿਹਾ ਹੈ। ਐਤਵਾਰ ਸ਼ਾਮ ਕਰੀਬ 7 ਵਜੇ ਪਰਿਵਾਰ ਦੇ 8 ਤੋਂ 10 ਲੋਕ ਇੱਥੇ ਕੰਮ ਕਰ ਰਹੇ ਸਨ। ਇਸ ਦੌਰਾਨ ਮਕੈਨਿਕ ਨੇ ਲੈਂਟਰ 'ਤੇ ਪਾਣੀ ਪਾਉਣ ਲਈ ਕਿਹਾ। ਰਵੀ (22) ਛੱਤ 'ਤੇ ਚੜ੍ਹ ਗਿਆ ਅਤੇ ਲੈਂਟਰ 'ਤੇ ਪਾਣੀ ਪਾਉਣ ਲੱਗਾ।
ਇਸ ਦੌਰਾਨ ਉਹ ਛੱਤ ਤੋਂ ਲੰਘਦੀਆਂ 11 ਹਜ਼ਾਰ ਵੋਲਟ ਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਿਆ। ਜਦੋਂ ਉਸ ਦਾ ਭਰਾ ਅਮਿਤ ਕੁਮਾਰ (30) ਉਸ ਨੂੰ ਬਚਾਉਣ ਲਈ ਉੱਥੇ ਪਹੁੰਚਿਆ ਤਾਂ ਉਸ ਨੂੰ ਵੀ ਕਰੰਟ ਲੱਗ ਗਿਆ। ਦੋਵਾਂ ਭਰਾਵਾਂ ਨੂੰ ਬਚਾਉਣ ਆਏ ਪਰਿਵਾਰ ਦੇ ਤਿੰਨ ਹੋਰ ਮੈਂਬਰ ਵੀ ਕਰੰਟ ਦੀ ਝਪੇਟ ਵਿਚ ਆ ਗਏ।
ਬਿਜਲੀ ਦਾ ਝਟਕਾ ਲੱਗਣ ਕਾਰਨ ਰਵੀ ਅਤੇ ਅਮਿਤ ਦੀ ਦਰਦਨਾਕ ਮੌਤ ਹੋ ਗਈ। ਤਿੰਨ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਰਾਤ ਨੂੰ ਹਾਂਸੀ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਾਂਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਅਜੇ (24), ਨਵੀਨ (20) ਅਤੇ ਜੋਗਿੰਦਰ (45) ਸ਼ਾਮਲ ਹਨ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਘਰ ਦੀ ਛੱਤ ’ਤੇ ਲੈਂਟਰ ਪਾਇਆ ਗਿਆ ਸੀ। ਐਤਵਾਰ ਸ਼ਾਮ ਨੂੰ ਕੰਮ ਪੂਰਾ ਕਰਨ ਤੋਂ ਬਾਅਦ ਮਕੈਨਿਕ ਨੇ ਲੈਂਟਰ ਤਰਾਈ ਕਰਨ ਲਈ ਕਿਹਾ। ਜਦੋਂ ਰਵੀ ਉੱਪਰ ਚੜ੍ਹਿਆ ਤਾਂ ਉਹ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। ਇਸ ਤੋਂ ਬਾਅਦ ਉਸ ਨੂੰ ਬਚਾਉਣ ਗਏ ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਵਿਅਕਤੀ ਨੂੰ ਵੀ ਕਰੰਟ ਲੱਗ ਗਿਆ। ਛੱਤ ਪਾਣੀ ਨਾਲ ਗਿੱਲੀ ਹੋਣ ਕਾਰਨ ਕਰੰਟ ਤੇਜ਼ ਸੀ। ਰਵੀ ਨੂੰ ਬਚਾਉਣ ਗਏ ਹਰ ਵਿਅਕਤੀ ਨੂੰ ਕਰੰਟ ਲੱਗਿਆ।
ਪਰਿਵਾਰਕ ਮੈਂਬਰਾਂ ਨੇ ਇਸ ਹਾਦਸੇ ਲਈ ਬਿਜਲੀ ਨਿਗਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 11 ਹਜ਼ਾਰ ਵੋਲਟ ਦੀ ਬਿਜਲੀ ਲਾਈਨ ਦੀਆਂ ਤਾਰਾਂ ਘਰ ਦੇ ਨਾਲ ਲੱਗੀਆਂ ਹੋਣ ਕਾਰਨ ਉਨ੍ਹਾਂ ਨੂੰ ਹਟਾਇਆ ਨਹੀਂ ਗਿਆ। ਜਿਸ ਕਾਰਨ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ।