
ਸਿਹਤ ਤੇ ਸਿੱਖਿਆ ਵਰਗੀਆਂ ਸਮਾਜਿਕ ਤਰਜੀਹਾਂ ਨਾਲੋਂ ਫਜ਼ੂਲ ਅਤੇ ਬੇਲੋੜੇ ਪ੍ਰਾਜੈਕਟਾਂ ਨੂੰ ਤਰਜੀਹ ਕਿਉਂ ਦਿੱਤੀ ਜਾ ਰਹੀ ਹੈ- ਸਾਬਕਾ ਨੌਕਰਸ਼ਾਹ
ਨਵੀਂ ਦਿੱਲੀ: ਸਾਬਕਾ ਨੌਕਰਸ਼ਾਹਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁੱਲ੍ਹੀ ਚਿੱਠੀ ਲਿਖ ਕੇ ਸੈਂਟਰਲ ਵਿਸਟਾ ਪ੍ਰਾਜੈਕਟ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਇਸ ‘ਤੇ ਸ਼ੁਰੂਆਤ ਤੋਂ ਹੀ ਗੈਰ-ਜ਼ਿੰਮੇਦਾਰਾਨਾ ਰਵੱਈਆ ਦਿਖਾਇਆ ਜਾ ਰਿਹਾ ਹੈ।
Central Vista Project
ਕੰਸਟੀਟਿਊਸ਼ਨਲ ਕੰਡਕਟ ਗਰੁੱਪ (Constitutional Conduct Group) ਦੇ ਬੈਨਰ ਹੇਠ 69 ਸਾਬਕਾ ਨੌਕਰਸ਼ਾਹਾਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੀ ਜਨਤਾ ਸਿਹਤ ਢਾਂਚੇ ਵਿਚ ਨਿਵੇਸ਼ ਦਾ ਇੰਤਜ਼ਾਰ ਕਰ ਰਹੀ ਹੈ। ਉਹਨਾਂ ਸਵਾਲ ਕੀਤਾ ਕਿ ਸਿਹਤ ਤੇ ਸਿੱਖਿਆ ਵਰਗੀਆਂ ਸਮਾਜਿਕ ਤਰਜੀਹਾਂ ਨਾਲੋਂ ਫਜ਼ੂਲ ਅਤੇ ਬੇਲੋੜੇ ਪ੍ਰਾਜੈਕਟਾਂ ਨੂੰ ਤਰਜੀਹ ਕਿਉਂ ਦਿੱਤੀ ਜਾ ਰਹੀ ਹੈ?
Central Vista Project
ਚਿੱਠੀ 'ਤੇ ਸਾਬਕਾ ਆਈਏਐਸ ਅਧਿਕਾਰੀ - ਜਵਾਹਰ ਸਰਕਾਰ, ਜਾਵੇਦ ਉਸਮਾਨੀ, ਐਨਸੀ ਸਕਸੈਨਾ, ਅਰੁਣਾ ਰਾਏ, ਹਰਸ਼ ਮੰਡੇਰ ਅਤੇ ਰਾਹੁਲ ਖੁੱਲਰ ਅਤੇ ਸਾਬਕਾ ਆਈਪੀਐਸ ਅਧਿਕਾਰੀ - ਏਐਸ ਦੁੱਲਤ, ਅਮਿਤਾਭ ਮਾਥੁਰ ਅਤੇ ਜੂਲੀਓ ਰਿਬੇਰੋ ਨੇ ਦਸਤਖਤ ਕੀਤੇ ਹਨ।
PM Modi
ਉਹਨਾਂ ਕਿਹਾ, “ਸੰਸਦ ਦੀ ਨਵੀਂ ਇਮਾਰਤ ਦਾ ਕੋਈ ਖਾਸ ਕਾਰਨ ਨਾ ਹੋਣ ਦੇ ਬਾਵਜੂਦ, ਇਹ ਬਹੁਤ ਚਿੰਤਾ ਵਾਲੀ ਗੱਲ ਹੈ ਕਿ ਜਦੋਂ ਦੇਸ਼ ਦੀ ਆਰਥਿਕਤਾ ਨੂੰ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਲੱਖਾਂ ਲੋਕਾਂ ਦੀ ਦੁਰਦਸ਼ਾ ਹੋਈ ਹੈ, ਤਾਂ ਸਰਕਾਰ ਨੇ ਧੂੰਮਧਾਮ ਨਾਲ ਇਸ 'ਤੇ ਨਿਵੇਸ਼ ਕਰਨ ਦਾ ਵਿਕਲਪ ਚੁਣਿਆ ਹੈ”।
Central Vista Project
ਚਿੱਠੀ ਵਿਚ ਦੋਸ਼ ਲਗਾਇਆ ਗਿਆ ਹੈ, ‘ਅਸੀਂ ਅਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਉਣ ਲਈ ਤੁਹਾਨੂੰ ਇਹ ਚਿੱਠੀ ਇਸ ਲਈ ਲਿਖ ਰਹੇ ਹਾਂ ਕਿਉਂਕਿ ਸਰਕਾਰ ਅਤੇ ਇਸ ਦੇ ਮੁਖੀ ਹੋਣ ਦੇ ਨਾਤੇ, ਤੁਸੀਂ ਕੇਂਦਰੀ ਵਿਸਟਾ ਪੁਨਰ ਵਿਕਾਸ ਪ੍ਰਾਜੈਕਟ ਦੇ ਮਾਮਲੇ ਵਿਚ ਕਾਨੂੰਨ ਦੇ ਰਾਜ ਦੀ ਬੇਅਦਬੀ ਕੀਤੀ ਹੈ’।