
ਸ਼ੂਟਿੰਗਾਂ ਦੀ ਮਨਜ਼ੂਰੀ ਲਈ ਵਿਭਾਗ ਨੇ ਚਲਾਇਆ ਹੈ ਸਿੰਗਲ ਵਿੰਡੋ ਸਿਸਟਮ
ਮੁੰਬਈ - ਕੇਂਦਰੀ ਰੇਲਵੇ ਨੇ 2022 ਵਿੱਚ ਆਪਣੇ ਕੰਪਲੈਕਸਾਂ ਵਿੱਚ ਫ਼ਿਲਮਾਂ ਦੀ ਸ਼ੂਟਿੰਗ ਕਰਕੇ ਰਿਕਾਰਡ 2.32 ਕਰੋੜ ਰੁਪਏ ਕਮਾਏ। ਪਿਛਲੇ ਸਾਲ ਇਹ ਕਮਾਈ 1.17 ਕਰੋੜ ਰੁਪਏ ਸੀ। ਸ਼ੂਟਿੰਗ ਲਈ ਨਿਰਮਾਤਾਵਾਂ ਦੀ ਪਹਿਲੀ ਪਸੰਦ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਰਿਹਾ।
ਅਧਿਕਾਰੀਆਂ ਨੇ ਕਿਹਾ ਕਿ ਇਹ ਰਕਮ ਕਿਸੇ ਵੀ ਕੈਲੰਡਰ ਸਾਲ ਲਈ ਕੇਂਦਰੀ ਰੇਲਵੇ ਲਈ ਫ਼ਿਲਮਾਂ ਦੀ ਸ਼ੂਟਿੰਗ ਤੋਂ ਪ੍ਰਾਪਤ ਹੋਣ ਵਾਲੀ ਇਹ ਰਾਸ਼ੀ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਵੱਖ-ਵੱਖ ਸਥਾਨਾਂ ਅਤੇ ਰੇਲ ਦੇ ਡੱਬਿਆਂ ਵਿੱਚ ਸ਼ੂਟਿੰਗ ਨਾਲ ਪ੍ਰਾਪਤ ਹੋਈ।
ਉਨ੍ਹਾਂ ਕਿਹਾ, "ਕੁੱਲ 14 ਫ਼ਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਅੱਠ ਫ਼ੀਚਰ ਫਿਲਮਾਂ, ਤਿੰਨ ਵੈੱਬ ਸੀਰੀਜ਼, ਇੱਕ ਦਸਤਾਵੇਜ਼ੀ ਫ਼ਿਲਮ, ਇੱਕ ਛੋਟੀ ਫ਼ਿਲਮ ਅਤੇ ਇੱਕ ਇਸ਼ਤਿਹਾਰ ਸ਼ਾਮਲ ਹਨ। ਫ਼ਿਲਮ '2 ਬ੍ਰਾਈਡਜ਼' ਤੋਂ ਸਭ ਤੋਂ ਵੱਧ 1.27 ਕਰੋੜ ਰੁਪਏ ਦੀ ਕਮਾਈ ਹੋਈ, ਜਿਸ ਦੀ ਸ਼ੂਟਿੰਗ ਯੇਓਲਾ, ਕਾਨਹੇਗਾਓਂ ਸਟੇਸ਼ਨਾਂ 'ਤੇ ਕੀਤੀ ਗਈ, ਅਤੇ ਜਿਸ ਲਈ 18 ਦਿਨਾਂ ਲਈ ਵਿਸ਼ੇਸ਼ ਰੇਲਗੱਡੀ ਦੀ ਵਰਤੋਂ ਕੀਤੀ ਗਈ ਸੀ।"
ਜਦੋਂ ਕਿ ਪਨਵੇਲ ਨੇੜੇ ਆਪਟਾ ਰੇਲਵੇ ਸਟੇਸ਼ਨ 'ਤੇ ਤਿੰਨ ਦਿਨ ਇੱਕ ਸਪੈਸ਼ਲ ਰੇਲਗੱਡੀ ਨਾਲ ਸ਼ੂਟਿੰਗ ਕੀਤੀ ਗਈ ਅਤੇ 29.40 ਲੱਖ ਰੁਪਏ ਪ੍ਰਾਪਤ ਕੀਤੇ ਗਏ।
ਇੱਕ ਪ੍ਰੈੱਸ ਰਿਲੀਜ਼ ਅਨੁਸਾਰ, ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਸਭ ਤੋਂ ਪਸੰਦੀਦਾ ਫ਼ਿਲਮ ਸ਼ੂਟਿੰਗ ਸਥਾਨ ਬਣਿਆ ਹੋਇਆ ਹੈ। ਇਸ ਸਾਲ ਇੱਥੇ ਪੰਜ ਫ਼ਿਲਮਾਂ ਦੀ ਸ਼ੂਟਿੰਗ ਹੋਈ, ਜਿਸ ਵਿੱਚ ਇੱਕ ਇਸ਼ਤਿਹਾਰ ਵੀ ਸ਼ਾਮਲ ਹੈ।
ਹੋਰ ਪ੍ਰਸਿੱਧ ਸਥਾਨਾਂ ਵਿੱਚ ਰੇਲਵੇ ਸਟੇਸ਼ਨਾਂ ਜਿਵੇਂ ਆਪਟਾ, ਪਨਵੇਲ, ਲੋਨਾਵਾਲਾ, ਖੰਡਾਲਾ, ਵਾਥਰ, ਸਤਾਰਾ ਵਰਗੇ ਰੇਲਵੇ ਸਟੇਸ਼ਨ ਅਤੇ ਤੁਰਭੇ ਅਤੇ ਵਾਡੀ ਬੰਦਰ ਵਰਗੇ ਰੇਲਵੇ ਯਾਰਡ ਰਹੇ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਨਵੇਂ ਉੱਭਰ ਰਹੇ ਸਥਾਨਾਂ ਵਿੱਚ ਮਨਮਾਡ ਅਤੇ ਅਹਿਮਦਨਗਰ ਦੇ ਵਿਚਕਾਰ ਯੇਓਲਾ ਅਤੇ ਨਵੇਂ ਬਣੇ ਅਹਿਮਦਨਗਰ-ਅਸ਼ਟੀ ਸੈਕਸ਼ਨ 'ਤੇ ਨਰਾਇਣ ਦੋਹੋ ਸ਼ਾਮਲ ਹਨ।
ਅਧਿਕਾਰੀਆਂ ਮੁਤਾਬਕ ਇਸ ਤੋਂ ਪਹਿਲਾਂ 'ਸਲੱਮਡਾਗ ਮਿਲੀਅਨੇਅਰ', 'ਕਮੀਨੇ', 'ਰਬ ਨੇ ਬਨਾ ਦੀ ਜੋੜੀ', 'ਰਾ-ਵਨ', 'ਰਾਵਣ', 'ਪ੍ਰੇਮ ਰਤਨ ਧਨ ਪਾਇਓ', 'ਦਿਲਵਾਲੇ ਦੁਲਹਨੀਆ ਲੇ ਜਾਏਂਗੇ', 'ਕੁਛ ਕੁਛ ਹੋਤਾ ਹੈ', 'ਦਬੰਗ', 'ਦਰਬਾਰ', 'ਰੰਗ ਦੇ ਬਸੰਤੀ', 'ਬਾਗੀ' ਅਤੇ 'ਖਾਕੀ' ਵਰਗੀਆਂ ਸੁਪਰਹਿੱਟ ਫ਼ਿਲਮਾਂ ਦੀ ਸ਼ੂਟਿੰਗ ਸੈਂਟਰਲ ਰੇਲਵੇ ਦੇ ਪਰਿਸਰਾਂ 'ਚ ਹੋ ਚੁੱਕੀ ਹੈ।
ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਫ਼ਿਲਮ ਦੀ ਸ਼ੂਟਿੰਗ ਦੀ ਮਨਜ਼ੂਰੀ ਦੇਣ ਵਿੱਚ ਤੇਜ਼ੀ ਲਿਆਉਣ ਲਈ ਹਾਲ ਹੀ ਵਿੱਚ ਇੱਕ ਸਿੰਗਲ ਵਿੰਡੋ ਸਿਸਟਮ ਸ਼ੁਰੂ ਕੀਤਾ ਗਿਆ ਹੈ।
ਰਿਲੀਜ਼ ਵਿੱਚ ਕਿਹਾ ਗਿਆ ਹੈ, "ਸੈਂਟਰਲ ਰੇਲਵੇ, ਆਪਣੀ ਨਿਰਵਿਘਨ ਪ੍ਰਕਿਰਿਆ ਦੇ ਨਾਲ ਫ਼ਿਲਮਾਂ ਦੀ ਸ਼ੂਟਿੰਗ ਲਈ ਆਪਣੇ ਸਥਾਨਾਂ ਦੀ ਵਰਤੋਂ ਕਰਨ ਲਈ ਪ੍ਰੋਡਕਸ਼ਨ ਹਾਊਸਾਂ ਨੂੰ ਆਕਰਸ਼ਿਤ ਕੀਤਾ ਅਤੇ ਰਿਕਾਰਡ ਮਾਲੀਆ ਕਮਾਇਆ।"