
ਭਾਰਤ ਦੀ ਅਪੂਰਵੀ ਚੰਦੇਲਾ ਨੇ ਸਨਿਚਰਵਾਰ ਨੂੰ ਇਥੇ ਆਈ.ਐੱਸ.ਐੱਸ.ਯੂ. ਵਿਸ਼ਵ ਕੱਪ ਦੀਆਂ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਵਿਸ਼ਵ ਰਿਕਾਰਡ........
ਨਵੀਂ ਦਿੱਲੀ : ਭਾਰਤ ਦੀ ਅਪੂਰਵੀ ਚੰਦੇਲਾ ਨੇ ਸਨਿਚਰਵਾਰ ਨੂੰ ਇਥੇ ਆਈ.ਐੱਸ.ਐੱਸ.ਯੂ. ਵਿਸ਼ਵ ਕੱਪ ਦੀਆਂ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗਾ ਅਪਣੇ ਨਾਂ ਕੀਤਾ । ਭਾਰਤੀ ਨਿਸ਼ਾਨੇਬਾਜ਼ ਨੇ ਕਰਣੀ ਸਿੰਘ ਸ਼ੂਟਿੰਗ ਰੇਂਜ 'ਚ ਪ੍ਰਤੀਯੋਗਿਤਾ ਦੇ ਪਹਿਲੇ ਦਿਨ 252.9 ਅੰਕ ਦੇ ਸ਼ਾਨਦਾਰ ਸਕੋਰ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਚੀਨ ਦੀ ਰੂਓਝੂ ਝਾਓ ਨੇ 251.8 ਦੇ ਸਕੋਰ ਦੇ ਨਾਲ ਚਾਂਦੀ ਦਾ ਤਮਗਾ ਜਦਕਿ ਚੀਨ ਦੀ ਇਕ ਹੋਰ ਨਿਸ਼ਾਨੇਬਾਜ਼ ਜੂ ਹੋਂਗ (230.4) ਨੇ ਟੂਰਨਾਮੈਂਟ ਦੇ ਪਹਿਲੇ ਫਾਈਨਲ 'ਚ ਕਾਂਸੀ ਤਮਗਾ ਜਿੱਤਿਆ। ਅਪੂਰਵੀ ਅੱਠ ਮਹਿਲਾਵਾਂ ਦੇ ਫਾਈਨਲ 'ਚ ਚਾਂਦੀ ਦਾ ਤਮਗਾ ਜੇਤੂ ਨਿਸ਼ਾਨੇਬਾਜ਼ ਤੋਂ 1.1 ਅੰਕ ਅੱਗੇ ਰਹੀ, ਜਿਸ ਨਾਲ ਉਸ ਦੇ ਦਬਦਬੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪਿਛਲੀ ਵਿਸ਼ਵ ਚੈਂਪੀਅਨਸ਼ਿਪ 'ਚ ਟੋਕੀਓ ਓਲੰਪਿਕ ਕੋਟਾ ਹਾਸਲ ਕਰਨ ਵਾਲੀ ਅਪੂਰਵੀ ਕੁਆਲੀਫਿਕੇਸ਼ਨ 'ਚ 629.3 ਅੰਕ ਨਾਲ ਚੌਥੇ ਸਥਾਨ 'ਤੇ ਸੀ। (ਪੀਟੀਆਈ)