
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਉਹ ਦਿੱਲੀ ਵਾਸਤੇ ਮੁਕੰਮਲ ਰਾਜ ਦੇ ਦਰਜੇ ਲਈ ਇਕ ਮਾਰਚ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰਨਗੇ........
ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਉਹ ਦਿੱਲੀ ਵਾਸਤੇ ਮੁਕੰਮਲ ਰਾਜ ਦੇ ਦਰਜੇ ਲਈ ਇਕ ਮਾਰਚ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰਨਗੇ। ਦਿੱਲੀ ਵਿਧਾਨ ਸਭਾ ਦੇ ਬਜਟ ਇਜਲਾਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਦਿੱਲੀ ਸਰਕਾਰ ਸ਼ਹਿਰ ਦੇ ਲੋਕਾਂ ਪ੍ਰਤੀ ਅਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਮਰੱਥ ਹੈ ਕਿਉਂਕਿ ਉਨ੍ਹਾਂ ਕੋਲ ਅਧਿਕਾਰਾਂ ਦੀ ਕਮੀ ਹੈ। ਕੇਜਰੀਵਾਲ ਨੇ ਸਦਨ ਨੂੰ ਦਸਿਆ, 'ਮੈਂ ਦਿੱਲੀ ਨੂੰ ਮੁਕੰਮਲ ਰਾਜ ਦਾ ਦਰਜਾ ਦਿਤੇ ਜਾਣ ਲਈ ਇਕ ਮਾਰਚ ਤੋਂ ਅਣਮਿੱਥੀ ਭੁੱਖ ਹੜਤਾਲ ਸ਼ੁਰੂ ਕਰਾਂਗਾ।
ਲੋਕਾਂ ਨੇ ਸਾਨੂੰ ਏਨਾ ਕੁੱਝ ਦਿਤਾ ਹੈ, ਸਾਨੂੰ ਉਨ੍ਹਾਂ ਲਈ ਅਪਣਾ ਜੀਵਨ ਵੀ ਕੁਰਬਾਨ ਕਰਨਾ ਪਵੇ ਤਾਂ ਉਹ ਵੀ ਘੱਟ ਹੈ।' ਉਨ੍ਹਾਂ ਦਾਅਵਾ ਕੀਤਾ ਕਿ ਆਜ਼ਾਦੀ ਮਗਰੋਂ ਦਿੱਲੀ ਦੇ ਲੋਕ ਅਨਿਆਂ ਅਤੇ ਅਪਮਾਨ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੁਆਰਾ ਚੁਣੀ ਸਰਕਾਰ ਕੋਲ ਉਨ੍ਹਾਂ ਲਈ ਕੰਮ ਕਰਨ ਦੇ ਅਧਿਕਾਰ ਨਹੀਂ ਹਨ।
ਕੇਜਰੀਵਾਲ ਨੇ ਸਵਾਲ ਕੀਤਾ, 'ਦਿੱਲੀ ਦੀ ਸਰਕਾਰ ਲੋਕਾਂ ਨੂੰ ਨਿਆਂ ਨਹੀਂ ਦੇ ਸਕਦੀ,
ਉਨ੍ਹਾਂ ਲਈ ਕੰਮ ਨਹੀਂ ਕਰ ਸਕਦੀ ਅਤੇ ਵਿਕਾਸ ਕਾਰਜਾਂ ਨੂੰ ਪੂਰਾ ਨਹੀਂ ਕਰ ਸਕਦੀ ਕਿਉਂਕਿ ਉਸ ਕੋਲ ਅਧਿਕਾਰਾਂ ਦੀ ਕਮੀ ਹੈ ਅਤੇ ਕੇਂਦਰ ਸਰਕਾਰ ਕੰਮਕਾਜ ਵਿਚ ਅੜਿੱਕਾ ਪੈਦਾ ਕਰਦੀ ਹੈ। ਕੀ ਦਿੱਲੀ ਦੇ ਵੋਟਰਾਂ ਦੀ ਕੀਮਤ ਹੋਰ ਰਾਜਾਂ ਦੀ ਤੁਲਨਾ ਵਿਚ ਘੱਟ ਹੈ।' ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਪੁਲਿਸ, ਨਗਰ ਨਿਗਮਾਂ ਅਤੇ ਡੀਡੀਏ 'ਤੇ ਕੰਟਰੋਲ ਕੀਤਾ ਹੋਇਆ ਹੈ ਜਿਸ ਕਾਰਨ ਲੋਕ ਉੱਚ ਅਪਰਾਧ ਦਰ, ਅਸੁਰੱਖਿਆ ਅਤੇ ਵਿਕਾਸ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। (ਏਜੰਸੀ)