
ਵਿਰੋਧੀ ਧਿਰ ਵਲੋਂ ਸੱਤਾਧਿਰ ਨੂੰ ਘੇਰਨ ਦੀ ਤਿਆਰੀ
Punjab Vidhan Sabha Session 2025 today News: ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): 16ਵੀਂ ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਅੱਜ ਸ਼ੁਰੂ ਤੋਂ ਹੋ ਰਿਹਾ ਹੈ। ਭਾਵੇਂ ਇਹ ਛੋਟਾ ਸੈਸ਼ਨ ਹੈ ਪਰ ਵਿਰੋਧੀ ਧਿਰ ਕਾਂਗਰਸ ਵਲੋਂ ਭਖਦੇ ਮੁੱਦਿਆਂ ਨੂੰ ਲੈ ਕੇ ਸੱਤਾਧਿਰ ਨੂੰ ਘੇਰਨ ਦੀ ਤਿਆਰੀ ਹੈ ਜਿਸ ਕਰ ਕੇ ਇਹ ਸੈਸ਼ਨ ਹੰਗਾਮੇ ਭਰਿਆ ਰਹੇਗਾ। ਪਹਿਲੇ ਦਿਨ ਸੈਸ਼ਨ ਦੀ ਕਾਰਵਾਈ ਪਿਛਲੇ ਸਮੇਂ ਵਿਚ ਵਿਛੜੀਆਂ 12 ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਵੇਗੀ। ਇਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਇਲਾਵਾ ਦੋ ਸਾਬਕਾ ਮੰਤਰੀ, ਚਾਰ ਸਾਬਕਾ ਵਿਧਾਇਕਾਂ, ਤਿੰਨ ਸੁਤੰਤਰਤਾ ਸੈਨਾਨੀਆਂ ਅਤੇ ਚਿੱਤਰਕਾਰ ਜਰਨੈਲ ਸਿੰਘ ਦੇ ਨਾਂ ਸ਼ਾਮਲ ਹਨ।
ਪਹਿਲੇ ਦਿਨ ਸ਼ਰਧਾਂਜਲੀਆਂ ਨਾਲ ਸ਼ੁਰੂਆਤ ਬਾਅਦ ਸਭਾ ਕੁੱਝ ਮਿੰਟਾਂ ਲਈ ਉਠਾਉਣ ਤੋਂ ਬਾਅਦ ਅਗਲੀ ਬੈਠਕ ਸ਼ੁਰੂ ਹੋਵੇਗੀ। ਇਸ ਵਿਚ ਪ੍ਰਸ਼ਨਕਾਲ ਤੋਂ ਇਲਾਵਾ ਵੱਖ ਵੱਖ ਰੀਪੋਰਟਾਂ ਪੇਸ਼ ਕੀਤੀਆਂ ਜਾਣਗੀਆਂ। ਪੇਸ਼ ਕੀਤੀਆਂ ਜਾਣ ਵਾਲੀਆਂ ਰੀਪੋਰਟਾਂ ਵਿਚ ਪੰਜਾਬ ਵਿਚ ਚਲ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ, ਪੰਚਾਇਤੀ ਰਾਜ ਨੂੰ ਕੇਰਲਾ ਦੀ ਤਰਜ਼ ’ਤੇ ਪ੍ਰਭਾਵਸ਼ਾਲੀ ਬਣਾਉਣ ਅਤੇ ਸੁਲਤਾਨਪੁਰ ਲੋਧੀ ਵਿਚ ਸੰਤ ਸੀਚੇਵਾਲ ਮਾਡਲ ਦੇ ਆਧਾਰ ’ਤੇ ਪਿੰਡਾਂ ਦੇ ਛੱਪੜਾਂ ਨੂੰ ਸਾਫ਼ ਕਰਨ ਅਤੇ ਪਵਿੱਤਰ ਕਾਲੀ ਵੇਈਂ ਦੀ ਸਫ਼ਾਈ ਬਾਰੇ ਰੀਪੋਰਟਾਂ ਸ਼ਾਮਲ ਹਨ।
ਇਸ ਤੋਂ ਇਲਾਵਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਬਿਜਲੀ ਰੈਗੂਲੇਟਰੀ ਕਮਿਸ਼ਨ ਦੀਆਂ ਸਾਲਾਨਾ ਰੀਪੋਰਟਾਂ ਵੀ ਪੇਸ਼ ਕੀਤੀਆਂ ਜਾਣਗੀਆਂ। ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਏਜੰਡੇ ਵਿਚ ਭਾਵੇਂ ਹਾਲੇ ਕੇਂਦਰ ਸਰਕਾਰ ਦੀ ਪ੍ਰਸਤਾਵਤ ਕੌਮੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਨ ਬਾਰੇ ਪ੍ਰਸਤਾਵ ਸ਼ਾਮਲ ਨਹੀਂ ਪਰ ਮੌਕੇ ਉਪਰ ਹੀ ਸਦਨ ਵਿਚ ਇਸ ਖਰੜੇ ਨੂੰ ਰੱਦ ਕਰਨ ਦਾ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ। ਪੰਜਾਬ ਸਰਕਾਰ ਅਪਣੇ ਪੱਧਰ ’ਤੇ ਇਹ ਪ੍ਰਸਤਾਵ ਰੱਦ ਕਰ ਕੇ ਪਹਿਲਾਂ ਹੀ ਕੇਂਦਰ ਨੂੰ ਜਾਣਕਾਰੀ ਭੇਜ ਚੁੱਕੀ ਹੈ।