
ਸ਼ੋਪੀਆਂ ਜ਼ਿਲ੍ਹੇ ਵਿਚ ਅਤਿਵਾਦੀਆਂ ਨਾਲ ਚੱਲ ਰਿਹਾ ਮੁਕਾਬਲਾ ਅੱਜ ਖ਼ਤਮ ਹੋ ਗਿਆ। ਸੁਰੱਖਿਆ ਬਲਾਂ ਨੇ ਤਿੰਨ ਅਤਿਵਾਦੀਆਂ ਨੂੰ ਖ਼ਤਮ ਕਰ ਦਿਤਾ ਹੈ ਹਾਲਾਂਕਿ ਦੋ ਜਵਾਨ ਵੀ ਮਾਰੇ
ਨਵੀਂ ਦਿੱਲੀ, 13 ਅਗੱਸਤ : ਸ਼ੋਪੀਆਂ ਜ਼ਿਲ੍ਹੇ ਵਿਚ ਅਤਿਵਾਦੀਆਂ ਨਾਲ ਚੱਲ ਰਿਹਾ ਮੁਕਾਬਲਾ ਅੱਜ ਖ਼ਤਮ ਹੋ ਗਿਆ। ਸੁਰੱਖਿਆ ਬਲਾਂ ਨੇ ਤਿੰਨ ਅਤਿਵਾਦੀਆਂ ਨੂੰ ਖ਼ਤਮ ਕਰ ਦਿਤਾ ਹੈ ਹਾਲਾਂਕਿ ਦੋ ਜਵਾਨ ਵੀ ਮਾਰੇ ਗਏ ਹਨ।
ਤਿੰਨ ਜਵਾਨ ਗੰਭੀਰ ਜ਼ਖ਼ਮੀ ਹਨ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿਤਾ ਗਿਆ ਹੈ। ਇਹ ਮੁਕਾਬਲਾ ਅਵਨੀਰਾ ਪਿੰਡ ਵਿਚ ਹੋਇਆ ਜਿਸ ਨੂੰ ਬਗਦਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੁਲ ਛੇ ਅਤਿਵਾਦੀ ਸਨ ਜਿਨ੍ਹਾਂ ਵਿਚੋਂ ਤਿੰਨ ਭੱਜ ਗਏ। ਮਾਰੇ ਗਏ ਅਤਿਵਾਦੀਆਂ ਵਿਚ ਹਿਜ਼ਬੁਲ ਮੁਜਾਇਦੀਨ ਦਾ ਚੀਫ਼ ਕਮਾਂਡਰ ਯਾਸੀਨ ਇੱਤੂ ਵੀ ਸ਼ਾਮਲ ਹੈ। ਮਾਰੇ ਗਏ ਜਵਾਨਾਂ ਦੇ ਨਾਮ ਪੀ ਇਲਈਆਰਾਜਾ ਅਤੇ ਸੁਮੇਧਾ ਵਮਨ ਹਨ। ਕਲ ਰਾਤ ਖ਼ਬਰ ਆਈ ਸੀ ਕਿ ਇਕ ਭਾਰਤੀ ਫ਼ੌਜੀ ਮਾਰਿਆ ਗਿਆ ਹੈ ਅਤੇ ਇਕ ਔਰਤ ਦੀ ਮੌਤ ਹੋ ਗਈ ਹੈ। ਪਾਕਿਸਤਾਨ ਵਾਲੇ ਪਾਸਿਉਂ ਪਿੰਡਾਂ ਵਿਚ ਗੋਲੇ ਸੁੱਟੇ ਗਏ ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ।
ਕੰਟਰੋਲ ਰੇਖਾ ਲਾਗੇ ਗੋਲੀਬਾਰੀ 'ਚ ਇਕ ਫ਼ੌਜੀ ਮਾਰਿਆ ਗਿਆ। ਕੁਲਗਾਮ ਵਿਚ ਚੱਲੇ ਮੁਕਾਬਲੇ ਵਿਚ ਇਕ ਫ਼ੌਜੀ ਗੰਭੀਰ ਜ਼ਖ਼ਮੀ ਹੋ ਗਿਆ। ਮੀਡੀਆ ਰੀਪੋਰਟਾਂ ਮੁਤਾਬਕ ਸ਼ੋਪੀਆਂ ਵਿਚ ਹਿਜ਼ਬੁਲ ਦੇ ਤਿੰਨ ਅਤਿਵਾਦੀਆਂ ਦੇ ਘਿਰੇ ਹੋਣ ਦੀ ਗੱਲ ਕਹੀ ਜਾ ਰਹੀ ਸੀ ਜਿਸ ਤੋਂ ਬਾਅਦ ਫ਼ੌਜੀਆਂ ਨੇ ਪਿੰਡ ਨੂੰ ਘੇਰਾ ਪਾ ਲਿਆ। ਅਲਕਾਇਦਾ ਦਾ ਅਤਿਵਾਦੀ ਜ਼ਾਕਿਰ ਮੂਸਾ ਵੀ ਮੁਕਾਬਲੇ 'ਚ ਫਸਿਆ ਹੋਇਆ ਸੀ ਪਰ ਉਹ ਝਾਂਸਾ ਦੇ ਕੇ ਭੱਜ ਗਿਆ। (ਏਜੰਸੀ)