
ਭਾਰਤੀ ਫ਼ੌਜ 'ਚ 26 ਮਾਰਚ ਨੂੰ ਸ਼ਾਮਲ ਹੋਣਗੀਆਂ 6 ਧਨੁਸ਼ ਤੋਪਾਂ
ਨਵੀਂ ਦਿੱਲੀ- ਭਾਰਤੀ ਫ਼ੌਜ ਵਿਚ ਛੇਤੀ ਹੀ ਸਵਦੇਸ਼ੀ 6 ਧਨੁਸ਼ ਤੋਪਾਂ ਸ਼ਾਮਲ ਹੋਣ ਜਾ ਰਹੀਆਂ ਹਨ ਇਨ੍ਹਾਂ ਤੋਪਾਂ ਦਾ ਸਫ਼ਲ ਪ੍ਰੀਖਣ ਹੋ ਗਿਆ ਹੈ, ਜਿਸ ਤੋਂ ਬਾਅਦ ਹੁਣ ਆ ਰਹੀ 26 ਮਾਰਚ 2019 ਨੂੰ ਇਹ 6 ਧਨੁਸ਼ ਤੋਪਾਂ ਨੂੰ ਭਾਰਤੀ ਫ਼ੌਜ ਵਿਚ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਸ਼ਕਤੀਸ਼ਾਲੀ ਤੋਪਾਂ ਨਾਲ ਦੇਸ਼ ਦੀ ਤਾਕਤ ਕਈ ਗੁਣਾ ਤਕ ਵਧ ਜਾਵੇਗੀ। ਪਹਿਲੇ ਪੜਾਅ ਤਹਿਤ ਸਿਰਫ਼ 6 ਤੋਪਾਂ ਭਾਰਤੀ ਫ਼ੌਜ ਨੂੰ ਦਿਤੀਆਂ ਜਾ ਰਹੀਆਂ ਹਨ, ਜਦਕਿ ਬਾਅਦ ਵਿਚ 18 ਹੋਰ ਧਨੁਸ਼ ਤੋਪਾਂ ਇਸੇ ਸਾਲ ਦਸੰਬਰ ਤਕ ਮਿਲ ਜਾਣ ਦੀ ਉਮੀਦ ਹੈ।
ਖ਼ਾਸ ਗੱਲ ਇਹ ਹੈ ਕਿ ਭਾਰਤ ਫ਼ੌਜ ਦੇ ਕਾਫ਼ਲੇ ਵਿਚ ਸ਼ਾਮਲ ਹੋਣ ਵਾਲੀਆਂ ਇਨ੍ਹਾਂ ਧਨੁਸ਼ ਤੋਪਾਂ ਦੀ ਮਾਰਕ ਸਮਰੱਥਾ ਪੁਰਾਣੀਆਂ ਹੋ ਚੁੱਕੀਆਂ ਬੋਫ਼ੋਰਸ ਤੋਪਾਂ ਤੋਂ ਵੀ ਜ਼ਿਆਦਾ ਹੈ। ਮਿਲੀ ਜਾਣਕਾਰੀ ਮੁਤਾਬਕ 45 ਕੈਲੀਬਰ ਦੀ 155 ਮਿਲੀਮੀਟਰ ਅਤੇ ਆਟੋਮੈਟਿਕ ਧਨੁਸ਼ ਤੋਪ ਦੀ ਤਕਨੀਕ ਬੋਫ਼ੋਰਸ ਦੀ ਤਕਨੀਕ 'ਤੇ ਹੀ ਆਧਾਰਿਤ ਹੈ। ਧਨੁਸ਼ ਤੋਪ ਵੱਡੀ ਦੂਰੀ ਤਕ ਨਿਸ਼ਾਨਾ ਮਾਰ ਸਕਦੀ ਹੈ ਤੇ ਮੁਸ਼ਕਲਾਂ ਭਰੇ ਰਸਤਿਆਂ 'ਤੇ ਵੀ ਆਸਾਨੀ ਨਾਲ ਤੁਰ ਸਕਦੀ ਹੈ, ਹੋਰ ਤਾਂ ਹੋਰ ਇਹ ਦਿਨ ਵੇਲੇ ਹੀ ਨਹੀਂ ਬਲਕਿ ਰਾਤ ਸਮੇਂ ਵੀ ਪੱਕਾ ਨਿਸ਼ਾਨਾ ਲਗਾ ਸਕਦੀ ਹੈ।
ਇਨ੍ਹਾਂ ਤੋਪਾਂ ਦਾ ਨਿਰਮਾਣ ਆਰਡੀਨੈਂਸ ਫ਼ੈਕਟਰੀ ਬੋਰਡ ਦੀ ਜਬਲਪੁਰ ਦੀ ਗੰਨ ਫੈਕਟਰੀ ਵਿਚ ਕੀਤਾ ਗਿਆ। ਇਹ ਗੰਨ ਫੈਕਟਰੀ ਭਾਰਤੀ ਫ਼ੌਜ ਲਈ ਕੁੱਲ 114 ਧਨੁਸ਼ ਤੋਪਾਂ ਬਣਾਵੇਗੀ। ਸਾਲ 2022 ਤਕ ਸਾਰੀਆਂ 114 ਧਨੁਸ਼ ਤੋਪਾਂ ਤਿਆਰ ਕਰਨ ਦਾ ਟੀਚਾ ਰਖਿਆ ਗਿਆ ਹੈ। ਇਕ ਧਨੁਸ਼ ਤੋਪ ਦਾ ਭਾਰ 13 ਟਨ ਹੈ ਜਦਕਿ ਇਸ ਦੀ ਕੀਮਤ ਲਗਭਗ 13 ਕਰੋੜ ਰੁਪਏ ਹੈ। ਸਿਆਚੀਨ ਵਰਗੇ ਠੰਡੇ ਇਲਾਕਿਆਂ ਤੋਂ ਲੈ ਕੇ ਰਾਜਸਥਾਨ ਦੇ ਗਰਮ ਇਲਾਕਿਆਂ ਵਿਚ ਧਨੁਸ਼ ਤੋਪ ਦਾ ਪ੍ਰੀਖਣ ਸਫ਼ਲ ਰਿਹਾ।
ਧਨੁਸ਼ ਤੋਪ ਨੂੰ ਦੇਸੀ ਬੋਫ਼ੋਰਸ ਵੀ ਕਿਹਾ ਜਾਂਦਾ ਹੈ, ਹਾਂਲਾਂਕਿ ਬੋਫ਼ੋਰਸ ਤੋਪ ਦੀ ਨਿਸ਼ਾਨਾ ਮਾਰਨ ਦੀ ਦੂਰੀ 29 ਕਿਲੋਮੀਟਰ ਹੈ, ਜਦਕਿ ਧਨੁਸ਼ ਦੀ 38 ਕਿਲੋਮੀਟਰ ਹੈ। ਧਨੁਸ਼ ਤੋਪ ਵਿਚ ਇਕ ਕੰਪਿਊਟਰ ਹੈ ਅਤੇ ਇਹ ਖੁਦ ਹੀ ਕੰਮ ਕਰਦਾ ਹੈ ਭਾਵ ਕਿ ਇਹ ਆਟੋਮੈਟਿਕ ਸਿਸਟਮ ਨਾਲ ਖੁਦ ਹੀ ਗੋਲਾ ਭਰ ਕੇ ਉਸਨੂੰ ਨਿਸ਼ਾਨੇ 'ਤੇ ਦਾਗ਼ਣ ਦੀ ਕਾਬਲੀਅਤ ਰੱਖਦੀ ਹੈ। ਜੰਗ ਦੇ ਮੈਦਾਨ ਵਿਚ ਡਟੇ ਰਹਿਣ ਦੌਰਾਨ ਧਨੁਸ਼ ਕਈ ਖੂਬੀਆਂ ਨਾਲ ਭਰੀ ਹੈ। ਲਗਾਤਾਰ ਕਈ ਘੰਟਿਆਂ ਤਕ ਫ਼ਾਇਰਿੰਗ ਮਗਰੋਂ ਵੀ ਧਨੁਸ਼ ਦੀ ਨਾਲੀ ਗਰਮ ਨਹੀਂ ਹੁੰਦੀ। ਫ਼ੌਜ ਦਾ ਕਹਿਣਾ ਹੈ ਕਿ ਇਸ ਤੋਪ ਦੇ ਸ਼ਾਮਲ ਹੋਣ ਨਾਲ ਭਾਰਤੀ ਫ਼ੌਜ ਦੀ ਤਾਕਤ ਕਾਫ਼ੀ ਜ਼ਿਆਦਾ ਵਧ ਜਾਵੇਗੀ।