
ਰੱਬ ਕਦੇ ਜ਼ਮੀਨ ਤੇ ਨਹੀਂ ਆਉਂਦਾ ਤੇ ਰੱਬ ਵੀ ਇਨ੍ਹਾਂ ਵਰਗੀਆਂ ਰੂਹਾਂ ਵਿਚ ਆਉਂਦਾ ਹੈ।
ਨਵੀਂ ਦਿੱਲੀ (ਸ਼ੈਸ਼ਵ ਨਾਗਰਾ): ਕੇਂਦਰ ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉੱਪਰ ਧਰਨਾ ਦੇ ਰਹੇ ਕਿਸਾਨਾਂ ਨੂੰ 100 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਕਿਸਾਨ ਨੇਤਾ ਵੀ ਇਸ ਧਰਨੇ ਦੇ ਸਫ਼ਲਤਾ ਨਾਲ ਚੱਲਣ ਅਤੇ ਬਿਨਾਂ ਕਿਸੇ ਇਕ ਵਿਅਕਤੀ ਦੇ ਪ੍ਰਬੰਧਾਂ ਦੇ ਇਸ ਨੂੰ ਪ੍ਰਮਾਤਮਾ ਦੀ ਮਿਹਰ ਦੱਸ ਰਹੇ ਹਨ। ਇਸ ਧਰਨੇ ਨੂੰ ਹਰ ਵਰਗ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ।
ਮੌਲਾ
ਇਸ ਵਿਚਕਾਰ ਅੱਜ ਸਪੋਕਸਮੈਨ ਨੇ ਇਕ ਅਜਿਹੀ ਰੱਬੀ ਰੂਹ ਨੂੰ ਸਿੰਘੂ ਬਾਰਡਰ ’ਤੇ ਸੇਵਾ ਕਰਦਿਆਂ ਦੇਖਿਆ ਕਿ ਉਸ ਨਾਲ ਗੱਲਬਾਤ ਕੀਤੇ ਬਿਨਾਂ ਰਿਹਾ ਨਾ ਗਿਆ। ਉਸ ਬਾਰੇ ਜਾਣਨ ਅਤੇ ਅਪਣੇ ਦਰਸ਼ਕਾਂ/ਪਾਠਕਾਂ ਨੂੰ ਉਸ ਬਾਰੇ ਦੱਸਣ ਦੀ ਲੋੜ ਮਹਿਸੂਸ ਕੀਤੀ। ਇਹ ਰੱਬ ਦਾ ਬੰਦਾ ਜਿਸ ਨੂੰ ਸਾਰੇ ਮੌਲਾ ਕਹਿ ਕੇ ਬੁਲਾਉਂਦੇ ਹਨ ਅਕਸਰ ਸਿੰਘੂ ਬਾਰਡਰ ਦੀ ਸਟੇਜ ਦੇ ਨਾਲ ਬੈਠਾ ਹੁੰਦਾ ਹੈ ਤੇ ਜੇਕਰ ਕੋਈ ਬੀਬੀ ਲੰਘ ਰਹੀ ਹੁੰਦੀ ਹੈ ਜਾਂ ਹੱਥ ਜੋੜ ਕੇ ਫਤਿਹ ਬੁਲਾਂਦਾ ਹੈ ਅਤੇ ਕੋਈ ਭਰਾ ਜਾ ਰਿਹਾ ਹੁੰਦਾ ਹੈ ਉਨ੍ਹਾਂ ਨੂੰ ਗਲਵਕੜੀ ਪਾ ਕੇ ਮਿਲਦਾ ਹੈ ਤੇ ਉਨ੍ਹਾਂ ਦਾ ਸਤਿਕਾਰ ਕਰਦਾ ਹੈ। ਮੌਲਾ ਪਟਿਆਲਾ ਇਲਾਕੇ ਦਾ ਰਹਿਣ ਵਾਲਾ ਹੈ ਤੇ ਕਿਸਾਨ ਅੰਦੋਲਨ ਵਿਚ ਭਾਗ ਲੈਣ ਵਾਲਾ ਹਰ ਵਿਅਕਤੀ ਉਸ ਲਈ ਸਤਿਕਾਰ ਦਾ ਪਾਤਰ ਹੈ।
ਮੌਲਾ
ਮੌਲਾ ਬਾਰੇ ਇਕ ਪਿੰਡ ਦੇ ਸਰਪੰਚ ਮਲਕੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੌਲਾ ਇਕ ਰੱਬੀ ਰੂਹ ਹੈ ਤੇ ਸਟੇਜ ਦੇ ਕੋਲ ਬੈਠ ਕੇ ਜਦ ਕੋਈ ਵੀ ਕਿਸਾਨ ਨੇਤਾ ਬੋਲਦਾ ਹੈ ਤਾਂ ਜ਼ੋਰਦਾਰ ਨਾਅਰੇ ਲਗਾਉਂਦਾ ਹੈ। ਮੌਲਾ ਰੋਜ਼ਾਨਾ ਉਸ ਕੋਲੋਂ ਪੱਗ ਬੰਨ੍ਹਵਾਉਂਦਾ ਹੈ। ਸਰਪੰਚ ਨੇ ਦੱਸਿਆ ਕਿ ਇਕ ਦਿਨ ਮੌਲਾ ਉਸ ਨੂੰ ਪੱਗ ਬੰਨ੍ਹਣ ਲਈ ਕਹਿ ਰਿਹਾ ਸੀ ਪਰ ਉਹ ਫੋਨ ’ਤੇ ਗੱਲ ਕਰ ਰਿਹਾ ਸੀ ਤੇ ਮੌਲਾ ਫਿਰ ਰੁਸ ਕੇ ਚਲਾ ਗਿਆ। ਉਹ ਜਦ ਵੀ ਉਸ ਨੂੰ ਲੈਣ ਜਾਂਦਾ ਤਾਂ ਮੌਲਾ ਦੌੜ ਜਾਂਦਾ ਸੀ। ਸਰਪੰਚ ਨੇ ਕਿਹਾ ਕਿ ਅੱਜ ਸਪੋਕਸਮੈਨ ਜ਼ਰੀਏ ਹੀ ਉਹ ਮੌਲਾ ਨੂੰ ਦੁਬਾਰਾ ਮਿਲ ਸਕਿਆ ਹੈ। ਇਸ ਮੌਕੇ ਸਰਪੰਚ ਨੇ ਮੌਲਾ ਬਾਰੇ ਲਿਖਿਆ ਗੀਤ ਵੀ ਸੁਣਾਇਆ ਜਿਸ ਵਿਚ ਮੌਲਾ ਦੀ ਰੱਬੀ ਰੂਹ ਦੀ ਉਸਤਤ ਕੀਤੀ ਗਈ ਹੈ।
ਮੌਲਾ
ਇਸ ਮੌਕੇ ਉੱਥੇ ਮੌਜੂਦ ਇਕ ਕਿਸਾਨ ਆਗੂ ਸਤਨਾਮ ਸਿਂਘ ਨੇ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਲਗਾਤਾਰ ਤੇਜ਼ ਹੰਦਾ ਜਾ ਰਿਹਾ ਹੈ ਤੇ ਇਥੇ ਵੱਖ-ਵੱਖ ਥਾਵਾਂ ਤੋਂ ਆ ਕੇ ਲੇਕ ਸੇਵਾ ਕਰ ਰਹੇ ਹਨ ਤੇ ਇਹ ਇਕ ਮੌਲਾ ਹੈ ਜੋ ਪੂਰੀ ਅਰਦਾਸ ਵੇਲੇ ਤੱਕ ਵੀ ਸਾਰਾ ਦਿਨ ਪੂਰੀ ਡਿਊਟੀ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹੋ-ਜਿਹੇ ਰੱਬੀ ਰੂਹ ਵਾਲੇ ਲੋਕ ਵੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਚੁੱਕ ਰਹੇ ਹਨ ਤਾਂ ਪਰਮਾਤਮਾ ਇਕ ਦਿਨ ਇਹੋ ਜਿਹੇ ਇਨਸਾਨਾਂ ਦੀ ਅਰਦਾਸ ਜ਼ਰੂਰ ਸੁਣੇਗਾ।
ਉੱਥੇ ਮੌਜੂਦ ਇਕ ਹੋਰ ਵਿਅਕਤੀ ਨੇ ਕਿਹਾ ਕਿ ਮੌਲੇ ਵਰਗੀ ਰੱਬੀ ਰੂਹ ਨੂੰ ਅਸੀਂ ਸਲਾਮ ਕਰਦੇ ਹਾਂ ਕਿਉਂਕਿ ਇਹੋ ਜਿਹੀਆਂ ਰੂਹਾਂ ਵਿਚ ਕਿਤੇ ਤੇਰ ਮੇਰ ਨਹੀਂ ਹੁੰਦੀ ਇਹ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਸਗੋਂ ਤੂੰ ਹੀ ਤੂੰ ਕਹਿੰਦੇ ਹਨ।