
ਮੋਟਰਸਾਈਕਲ ਸਮੇਤ ਖ਼ੁਦ ਨੂੰ ਲਾਈ ਅੱਗ, ਪੁਲਿਸ ਮੁਲਾਜ਼ਮਾਂ ਨੇ ਬਚਾਇਆ
ਬਦਾਯੂੰ (ਉੱਤਰ ਪ੍ਰਦੇਸ਼): ਬਦਾਯੂੰ ਜ਼ਿਲ੍ਹੇ ਦੇ ਸਿਵਲ ਲਾਈਨਜ਼ ਇਲਾਕੇ ਦੀ ਬਾਬਾ ਕਲੋਨੀ ’ਚ 19 ਮਾਰਚ ਨੂੰ ਹੋਏ ਦੋਹਰੇ ਕਤਲਕਾਂਡ ’ਚ ਮਾਰੇ ਗਏ ਬੱਚਿਆਂ ਦੇ ਪਿਤਾ ਨੇ ਕਥਿਤ ਤੌਰ ’ਤੇ ਅਜੇ ਤਕ ਅਪਰਾਧ ਦੇ ਕਾਰਨਾਂ ਦਾ ਪਤਾ ਨਾ ਲਗ ਸਕਣ ਤੋਂ ਪ੍ਰੇਸ਼ਾਨ ਹੋ ਕੇ ਐਤਵਾਰ ਨੂੰ ਕਥਿਤ ਤੌਰ ’ਤੇ ਅਪਣੇ ਮੋਟਰਸਾਈਕਲ ਨੂੰ ਅੱਗ ਲਾ ਦਿਤੀ ਅਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਘਟਨਾ ਤੋਂ ਛੇ ਦਿਨ ਬਾਅਦ ਵੀ ਪੀੜਤ ਪਰਵਾਰ ਕਤਲ ਦੇ ਕਾਰਨਾਂ ਦਾ ਪ੍ਰਗਟਾਵਾ ਨਾ ਕਰਨ ਕਾਰਨ ਪੁਲਿਸ ਪ੍ਰਸ਼ਾਸਨ ਤੋਂ ਨਾਰਾਜ਼ ਹੈ। ਪੁਲਿਸ ਸੂਤਰਾਂ ਅਨੁਸਾਰ ਪਿਛਲੇ ਮੰਗਲਵਾਰ ਨੂੰ ਮਾਰੇ ਗਏ ਬੱਚਿਆਂ ਦੇ ਪਿਤਾ ਵਿਨੋਦ ਨੇ ਅੱਜ ਅਪਣੇ ਮੋਟਰਸਾਈਕਲ ਨੂੰ ਅੱਗ ਲਾ ਦਿਤੀ ਅਤੇ ਖੁਦ ਨੂੰ ਵੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਲਿਆ।
ਵਿਨੋਦ ਦੀ ਮਾਂ ਮੁੰਨੀ ਦੇਵੀ ਨੇ ਕਿਹਾ ਕਿ ਘਟਨਾ ਨੂੰ ਛੇ ਦਿਨ ਹੋ ਗਏ ਹਨ। ਉਨ੍ਹਾਂ ਕਿਹਾ, ‘‘ਪੁਲਿਸ ਨੇ ਦੂਜੇ ਮੁਲਜ਼ਮ ਜਾਵੇਦ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛ-ਪੜਤਾਲ ਵੀ ਕੀਤੀ ਹੈ ਪਰ ਅਜੇ ਤਕ ਕਤਲ ਦਾ ਕਾਰਨ ਨਹੀਂ ਦੱਸ ਸਕੀ ਹੈ।’’ ਉਨ੍ਹਾਂ ਕਿਹਾ ਕਿ ਇਸ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਪੁਲਿਸ ਪ੍ਰਸ਼ਾਸਨ ਕੁੱਝ ਲੁਕਾ ਰਿਹਾ ਹੈ ਜਿਸ ਨੂੰ ਲੈ ਕੇ ਵਿਨੋਦ ਬਹੁਤ ਪਰੇਸ਼ਾਨ ਹੈ। ਮੁੰਨੀ ਦੇਵੀ ਨੇ ਦਸਿਆ ਕਿ ਲੋਕ ਵੱਖ-ਵੱਖ ਗੱਲਾਂ ਕਰ ਰਹੇ ਹਨ, ਜਿਸ ਕਾਰਨ ਵਿਨੋਦ ਨੇ ਅਪਣੇ ਮੋਟਰਸਾਈਕਲ ਨੂੰ ਅੱਗ ਲਾ ਦਿਤੀ ਅਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਡੀ.ਐਸ.ਪੀ. (ਸਿਟੀ) ਆਲੋਕ ਮਿਸ਼ਰਾ ਨੇ ਕਿਹਾ ਕਿ ਇਹ ਹੋਲੀ ਦਾ ਤਿਉਹਾਰ ਹੈ ਅਤੇ ਵਿਨੋਦ ਅਪਣੇ ਬੱਚਿਆਂ ਨੂੰ ਬਹੁਤ ਯਾਦ ਕਰ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਦੇ ਕਪੜੇ, ਜੁੱਤੀਆਂ ਅਤੇ ਤਿਉਹਾਰਾਂ ਦਾ ਹੋਰ ਸਾਮਾਨ ਵੇਖ ਕੇ ਉਹ ਅਪਣੇ ਆਪ ਨੂੰ ਰੋਕ ਨਹੀਂ ਸਕਿਆ ਅਤੇ ਗੁੱਸੇ ’ਚ ਆ ਗਿਆ ਅਤੇ ਅਪਣੇ ਮੋਟਰਸਾਈਕਲ ਨੂੰ ਅੱਗ ਲਾ ਦਿਤੀ।
ਉਨ੍ਹਾਂ ਕਿਹਾ ਕਿ ਵਿਨੋਦ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਾਜਿਦ ਨੇ ਅਪਣੇ ਭਰਾ ਜਾਵੇਦ ਨਾਲ ਮਿਲ ਕੇ ਪਿਛਲੇ ਮੰਗਲਵਾਰ ਸ਼ਾਮ ਨੂੰ ਬਾਬਾ ਕਲੋਨੀ ਦੇ ਇਕ ਘਰ ਵਿਚ ਦਾਖਲ ਹੋ ਕੇ ਤਿੰਨ ਨਾਬਾਲਗ ਭਰਾਵਾਂ ਆਯੁਸ਼ (12), ਅਹਾਨ ਉਰਫ ਹਨੀ (8) ਅਤੇ ਯੁਵਰਾਜ (10) ’ਤੇ ਚਾਕੂ ਨਾਲ ਹਮਲਾ ਕਰ ਦਿਤਾ ਸੀ। ਇਸ ਘਟਨਾ ’ਚ ਆਯੁਸ਼ ਅਤੇ ਅਹਾਨ ਦੀ ਮੌਤ ਹੋ ਗਈ ਸੀ ਜਦਕਿ ਯੁਵਰਾਜ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸੀ। ਕਤਲ ਦੇ ਕੁੱਝ ਘੰਟਿਆਂ ਬਾਅਦ ਦੋਸ਼ੀ ਸਾਜਿਦ (22) ਪੁਲਿਸ ਨਾਲ ਮੁਕਾਬਲੇ ’ਚ ਮਾਰਿਆ ਗਿਆ ਸੀ। ਘਟਨਾ ਦੇ ਦੋ ਦਿਨ ਬਾਅਦ ਪੁਲਿਸ ਨੇ ਦੂਜੇ ਮੁਲਜ਼ਮ ਜਾਵੇਦ ਨੂੰ ਗ੍ਰਿਫਤਾਰ ਕਰ ਲਿਆ। (ਪੀਟੀਆਈ)
ਕਾਨੂੰਨ ਵਿਵਸਥਾ ਨੂੰ ਲੈ ਕੇ ਸਮਾਜਵਾਦੀ ਪਾਰਟੀ ਅਤੇ ਭਾਜਪਾ ਵਿਚਕਾਰ ਤਿੱਖੀ ਬਿਆਨਬਾਜ਼ੀ
ਲੋਕ ਸਭਾ ਚੋਣਾਂ ਤੋਂ ਪਹਿਲਾਂ ਬਦਾਯੂੰ ’ਚ ਦੋ ਨਾਬਾਲਗ ਭਰਾਵਾਂ ਦਾ ਬੇਰਹਿਮੀ ਨਾਲ ਕਤਲ ਕਰਨਾ ਇਲਾਕੇ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਮਾਜਵਾਦੀ ਪਾਰਟੀ (ਸਪਾ) ਨੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਤੁਰਤ ਪੁਲਿਸ ਕਾਰਵਾਈ ਦੇ ਨਤੀਜੇ ਵਜੋਂ ਮੁਕਾਬਲੇ ’ਚ ਮੁੱਖ ਮੁਲਜ਼ਮ ਮਾਰਿਆ ਗਿਆ ਹੈ।
ਪਛਮੀ ਉੱਤਰ ਪ੍ਰਦੇਸ਼ ’ਚ ਸਥਿਤ, ਬਦਾਯੂੰ ਨੂੰ ਰੋਹਿਲਖੰਡ ਤੋਂ ਬ੍ਰਜ ਖੇਤਰ ਦਾ ਦਰਵਾਜ਼ਾ ਮੰਨਿਆ ਜਾਂਦਾ ਹੈ। ਸਾਲ 2019 ’ਚ ਭਾਜਪਾ ਤੋਂ ਹਾਰੀ ਬਦਾਯੂੰ ਲੋਕ ਸਭਾ ਸੀਟ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਸਮਾਜਵਾਦੀ ਪਾਰਟੀ ਨੇ ਅਪਣੇ ਸੀਨੀਅਰ ਨੇਤਾ ਸ਼ਿਵਪਾਲ ਸਿੰਘ ਯਾਦਵ ਨੂੰ ਅਪਣਾ ਉਮੀਦਵਾਰ ਬਣਾਇਆ ਹੈ।
ਇਸ ਸੀਟ ’ਤੇ ਭਾਜਪਾ ਦਾ ਕਬਜ਼ਾ ਹੈ, ਜਿਸ ਦੀ ਨੁਮਾਇੰਦਗੀ ਇਸ ਸਮੇਂ ਸੰਘਮਿੱਤਰਾ ਮੌਰਿਆ ਕਰ ਰਹੇ ਹਨ, ਪਰ ਪਾਰਟੀ ਨੇ ਅਜੇ ਇੱਥੇ ਅਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਬਦਾਯੂੰ ’ਚ ਮੰਗਲਵਾਰ ਸ਼ਾਮ ਨੂੰ ਦੋ ਨਾਬਾਲਗ ਭਰਾਵਾਂ ਦਾ ਕਤਲ ਕਰ ਦਿਤਾ ਗਿਆ, ਜਿਸ ਨਾਲ ਪੂਰੇ ਜ਼ਿਲ੍ਹੇ ਅਤੇ ਰਾਜ ’ਚ ਸਨਸਨੀ ਫੈਲ ਗਈ। ਇਸ ਦੋਹਰੇ ਕਤਲ ਨੇ ਹਲਕੇ ’ਚ ਸਿਆਸੀ ਚਰਚਾ ਨੂੰ ਬਦਲ ਦਿਤਾ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਇਸ ਕਤਲ ਨੂੰ ਕਾਨੂੰਨ ਵਿਵਸਥਾ ਦੀ ਅਸਫਲਤਾ ਕਰਾਰ ਦਿਤਾ ਅਤੇ ਕਿਹਾ ਕਿ ਦੋਹਾਂ ਭਰਾਵਾਂ ਦੀ ਜਾਨ ਬਚਾਈ ਜਾ ਸਕਦੀ ਸੀ।
ਜਦਕਿ ਬਦਾਯੂੰ ਸੀਟ ਤੋਂ ਭਾਜਪਾ ਸੰਸਦ ਮੈਂਬਰ ਸੰਘਮਿੱਤਰਾ ਮੌਰਿਆ ਨੇ ਸਮਾਜਵਾਦੀ ਪਾਰਟੀ ’ਤੇ ਇਸ ਘਟਨਾ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ। ਸੰਘਮਿੱਤਰਾ ਨੇ ਬੁਧਵਾਰ ਨੂੰ ਮ੍ਰਿਤਕ ਬੱਚਿਆਂ ਦੇ ਘਰ ਦਾ ਦੌਰਾ ਕੀਤਾ ਅਤੇ ਪਰਵਾਰਕ ਮੈਂਬਰਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ, ‘‘ਮੈਂ ਦੋ ਨਾਬਾਲਗ ਮੁੰਡਿਆਂ ਦੇ ਕਤਲ ਦੀ ਨਿੰਦਾ ਕਰਦਾ ਹਾਂ। ਭਾਜਪਾ ’ਚ ਸਾਡਾ ਪਰਵਾਰ ਪੀੜਤ ਪਰਵਾਰ ਦੇ ਨਾਲ ਹੈ। ਮੈਂ ਉਨ੍ਹਾਂ ਲੋਕਾਂ ਨੂੰ ਕਹਿਣਾ ਚਾਹਾਂਗਾ ਜੋ ਇਸ ਮੁੱਦੇ ਦਾ ਸਿਆਸੀਕਰਨ ਕਰ ਰਹੇ ਹਨ ਕਿ ਅਜਿਹਾ ਕਰਨ ਦਾ ਇਹ ਸਮਾਂ ਨਹੀਂ ਹੈ।’’
ਸੰਘਮਿੱਤਰਾ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਇਸ ਮੁੱਦੇ ’ਤੇ ਸਿਆਸਤ ਕਰ ਰਹੀ ਹੈ ਕਿਉਂਕਿ ਉਸ ਦੇ ਅਖੌਤੀ ਬਦਾਯੂੰ ਕਿਲ੍ਹੇ ਨੂੰ 2019 ’ਚ ਇੱਥੋਂ ਦੇ ਲੋਕਾਂ ਨੇ ਢਾਹ ਦਿਤਾ ਸੀ।