
ਕਿਹਾ, ਰਾਮ ਮੰਦਰ ਬਣਾ ਦੇਣਾ ਕਾਫ਼ੀ ਨਹੀਂ, ਭਾਜਪਾ ਨੂੰ ਭਗਵਾਨ ਰਾਮ ਦੇ ਸਿਧਾਂਤ ’ਤੇ ਚੱਲਣਾ ਚਾਹੀਦੈ
ਸ਼ਿਮਲਾ: ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਅਤੇ ਹਿਮਾਚਲ ਪ੍ਰਦੇਸ਼ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁਕੇ ਸ਼ਾਂਤਾ ਕੁਮਾਰ ਨੇ ਦੇਸ਼ ਦੀ ਸਿਆਸੀ ਸਥਿਤੀ ’ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੀ ਇਸ ਲਹਿਰ ’ਚ ਵਹਿ ਗਈ ਹੈ।
ਉਨ੍ਹਾਂ ਕਿਹਾ, ‘‘ਅਸੀਂ ਰਾਮ ਮੰਦਰ ਬਣਾਇਆ ਪਰ ਸਿਰਫ ਰਾਮ ਮੰਦਰ ਬਣਾਉਣ ਨਾਲ ਕੰਮ ਨਹੀਂ ਚੱਲੇਗਾ, ਸਾਨੂੰ ਉਸ ਦੇ ਸਿਧਾਂਤਾਂ ’ਤੇ ਚੱਲਣਾ ਹੋਵੇਗਾ।’’ ਸ਼ਾਂਤਾ ਕੁਮਾਰ ਦੀ ਇਹ ਟਿਪਣੀ ਹਿਮਾਚਲ ਪ੍ਰਦੇਸ਼ ’ਚ ਸਿਆਸੀ ਉਥਲ-ਪੁਥਲ ਦੇ ਵਿਚਕਾਰ ਆਈ ਹੈ। ਸੂਬਾ ਵਿਧਾਨ ਸਭਾ ਤੋਂ ਅਯੋਗ ਕਰਾਰ ਦਿਤੇ ਗਏ ਕਾਂਗਰਸ ਦੇ ਛੇ ਵਿਧਾਇਕ ਭਾਜਪਾ ’ਚ ਸ਼ਾਮਲ ਹੋ ਗਏ ਹਨ। ਕਾਂਗਰਸ ਨੇ ਇਸ ਨੂੰ ਸੂਬਾ ਸਰਕਾਰ ਨੂੰ ਢਾਹੁਣ ਦੀ ਭਾਜਪਾ ਦੀ ਸਾਜ਼ਸ਼ ਦਾ ਹਿੱਸਾ ਦਸਿਆ ਹੈ।
ਕਾਂਗਰਸ ਦੇ ਛੇ ਸਾਬਕਾ ਵਿਧਾਇਕ ਸੁਧੀਰ ਸ਼ਰਮਾ, ਰਵੀ ਠਾਕੁਰ, ਰਾਜੇਂਦਰ ਰਾਣਾ, ਇੰਦਰ ਦੱਤ ਲਖਨਪਾਲ, ਚੈਤਨਿਆ ਸ਼ਰਮਾ ਅਤੇ ਦੇਵੇਂਦਰ ਕੁਮਾਰ ਭੁੱਟੋ ਹਨ। ਉਨ੍ਹਾਂ ਨੂੰ 29 ਫ਼ਰਵਰੀ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ’ਚ ਪੇਸ਼ ਹੋਣ ਅਤੇ ਕਟੌਤੀ ਮਤੇ ਅਤੇ ਬਜਟ ਦੌਰਾਨ ਰਾਜ ਸਰਕਾਰ ਦੇ ਹੱਕ ’ਚ ਵੋਟ ਪਾਉਣ ਲਈ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਲਈ ਅਯੋਗ ਕਰਾਰ ਦਿਤਾ ਗਿਆ ਸੀ।
ਕਾਂਗੜਾ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਸ਼ਾਂਤਾ ਕੁਮਾਰ ਨੇ ਕਿਹਾ, ‘‘ਮੈਂ ਹੈਰਾਨ ਹਾਂ। ਗੁਲਾਮ ਭਾਰਤ ਦੀ ਸਿਆਸਤ ਦੇਸ਼ ਲਈ ਸੀ, ਪਰ ਆਜ਼ਾਦ ਭਾਰਤ ਦੀ ਸਿਆਸਤ ਕੁਰਸੀ ਲਈ ਹੈ। ਅਤੇ ਮੈਨੂੰ ਦੁੱਖ ਹੈ ਕਿ ਮੇਰੀ ਪਾਰਟੀ ਵੀ ਇਸ ਲਹਿਰ ’ਚ ਵਹਿ ਗਈ।’’
ਉਨ੍ਹਾਂ ਕਿਹਾ, ‘‘ਸਿਧਾਂਤਕ ਸਿਆਸਤ ਸਮੇਂ ਦੀ ਲੋੜ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਮੇਰੇ ਦੇਸ਼ ਦੇ ਸਿਆਸਤਦਾਨ ਅਪਣੀਆਂ ਕਦਰਾਂ-ਕੀਮਤਾਂ ਦਾ ਪਾਲਣ ਕਰਨ ਅਤੇ ਦੇਸ਼ ਵਿਚ ਰਾਜਨੀਤੀ ਦੇ ਪੱਧਰ ਵਿਚ ਸੁਧਾਰ ਹੋਵੇ।’’