
ਤਾਲਾਬੰਦੀ ਦੇ 30 ਦਿਨ ਪੂਰੇ
ਨਵੀਂ ਦਿੱਲੀ, 23 ਅਪ੍ਰੈਲ: ਕੋਰੋਨਾ ਸੰਕਟ ਨਾਲ ਸਿੱਝਣ ਲਈ ਲਾਗੂ ਕੀਤੇ ਗਏ ਦੇਸ਼ਵਿਆਪੀ ਬੰਦ ਦੌਰਾਨ ਲਾਗ ਫੈਲਣ ਦੀ ਗਤੀ ਨੂੰ ਸਥਿਰ ਰੱਖਣ ਵਿਚ ਮਿਲੀ ਕਾਮਯਾਬੀ ਨੂੰ ਸਰਕਾਰ ਨੇ ਅਹਿਮ ਪ੍ਰਾਪਤੀ ਕਰਾਰ ਦਿਤਾ ਹੈ। ਦੇਸ਼ ਵਿਚ ਲਾਗੂ ਬੰਦ ਨੂੰ ਵੀਰਵਾਰ ਨੂੰ 30 ਦਿਨ ਪੂਰੇ ਹੋ ਗਏ। ਇਸ ਬੀਮਾਰੀ ਨਾਲ ਸਿੱਝਣ ਲਈ ਕਾਇਮ ਕਮੇਟੀ ਦੇ ਮੁਖੀ ਵਾਤਾਵਰਣ ਸਕੱਤਰ ਸੀ ਕੇ ਮਿਸ਼ਰਾ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਪਿਛਲੇ ਇਕ ਮਹੀਨੇ ਵਿਚ ਕੋਰੋਨਾ ਵਾਇਰਸ ਲਾਗ ਫੈਲਣ ਦੀ ਗਤੀ ਅਤੇ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਵਾਧੇ ਦੀ ਗਤੀ ਵਿਚ ਲਗਾਤਾਰ ਕਮੀ ਆ ਰਹੀ ਹੈ।
ਇਸ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਮਹਾਮਾਰੀ ਦਾ ਅਸਰ ਵਧਣ ਦੀ ਗਤੀ ਸਥਿਰ ਬਣੀ ਹੋਈ ਹੈ।' ਮਿਸ਼ਰਾ ਨੇ ਦਸਿਆ ਕਿ 23 ਮਾਰਚ ਤਕ ਕੀਤੇ ਗਏ ਕੁਲ ਟੈਸਟਾਂ ਵਿਚ 4.5 ਫ਼ੀ ਸਦੀ ਪੀੜਤ ਮਰੀਜ਼ ਸਨ ਅਤੇ 22 ਅਪ੍ਰੈਲ ਨੂੰ ਵੀ ਕੁਲ ਟੈਸਟਾਂ ਵਿਚ ਪੀੜਤ ਮਰੀਜ਼ਾਂ ਦੀ ਹਿੱਸੇਦਾਰੀ 4.5 ਫ਼ੀ ਸਦੀ ਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਦੇਸ਼ ਵਿਚ ਵਾਇਰਸ ਦੇ ਲਾਗ ਦੀ ਪਸਾਰ ਦਰ ਸਥਿਰ ਬਣੀ ਹੋਈ ਹੈ।
File photo
ਉਨ੍ਹਾਂ ਦਸਿਆ ਕਿ 23 ਅਪ੍ਰੈਲ ਤਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁਲ 14915 ਟੈਸਟ ਕੀਤੇ ਗਏ ਸਨ ਅਤੇ 22 ਅਪ੍ਰੈਲ ਨੂੰ ਇਹ ਗਿਣਤੀ ਪੰਜ ਲੱਖ ਨੂੰ ਪਾਰ ਕਰ ਗਈ। ਮਿਸ਼ਰਾ ਨੇ ਕਿਹਾ ਕਿ ਤਾਲਾਬੰਦੀ ਲਾਗੂ ਹੋਣ ਮਗਰੋਂ ਟੈਸਟਾਂ ਵਿਚ 33 ਗੁਣਾਂ ਅਤੇ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ 16 ਗੁਣਾਂ ਦਾ ਵਾਧਾ ਹੋਇਆ ਹੈ। ਮਿਸ਼ਰਾ ਨੇ ਕਿਹਾ ਕਿ ਸਪੱਸ਼ਟ ਹੈ ਕਿ ਅਮਰੀਕਾ, ਇਟਲੀ, ਬ੍ਰਿਟੇਨ ਸਣੇ ਹੋਰ ਵਿਕਸਿਤ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਵਿਚ ਲਾਗ ਦੀ ਮੌਜੂਦਾ ਹਾਲਤ ਤਸੱਲੀਬਖ਼ਸ਼ ਹੈ। ਮਿਸ਼ਰਾ ਨੇ ਇਸ ਨੂੰ ਲਾਕਡਾਊਨ ਪੱਖੋਂ ਅਹਿਮ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ, 'ਇਨ੍ਹਾਂ 30 ਦਿਨਾਂ ਵਿਚ ਅਸੀਂ ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਲਾਗ ਦੇ ਖ਼ਤਰੇ ਨੂੰ ਘਟਾਉਣ ਵਿਚ ਕਾਮਯਾਬ ਰਹੇ।' (ਏਜੰਸੀ)
24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 1409 ਨਵੇਂ ਮਾਮਲੇ
ਨਵੀਂ ਦਿੱਲੀ, 23 ਅਪ੍ਰੈਲ: ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦਸਿਆ ਕਿ ਬੀਤੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 1409 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਪੀੜਤ ਮਰੀਜ਼ਾਂ ਦੀ ਕੁਲ ਗਿਣਤੀ 21,393 ਹੋ ਗਈ ਹੈ। ਉਨ੍ਹਾਂ ਇਹ ਵੀ ਦਸਿਆ ਕਿ ਦੇਸ਼ ਦੇ 78 ਜ਼ਿਲ੍ਹਿਆਂ ਵਿਚ 14 ਦਿਨਾਂ ਤੋਂ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਅਗਰਵਾਲ ਨੇ ਕਿਹਾ ਕਿ ਕੋਵਿਡ-19 ਤੋਂ ਪੀੜਤ 4257 ਮਰੀਜ਼ ਹੁਣ ਤਕ ਠੀਕ ਹੋ ਗਏ ਹਨ। ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦਾ ਫ਼ੀ ਸਦੀ ਵੀ ਵੱਧ ਕੇ ਹੁਣ 19.89 ਫ਼ੀ ਸਦੀ ਹੋ ਗਿਆ ਹੈ। (ਏਜੰਸੀ)