
ਪਿਤਰੋਦਾ ਨੇ ਲੋਕਾਂ ਦਾ ਪੈਸਾ ਲੈਣ ਦੀ ਕਾਂਗਰਸ ਦੀ ਨਾਪਾਕ ਯੋਜਨਾ ਨੂੰ ਉਾਗਰ ਕੀਤਾ : ਭਾਜਪਾ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸ ਆਗੂ ਸੈਮ ਪਿਤਰੋਦਾ ਦੀ ਟਿਪਣੀ ਨੂੰ ਲੈ ਕੇ ਬੁਧਵਾਰ ਨੂੰ ਵਿਰੋਧੀ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਪਿਤਰੋਦਾ ਨੇ ਆਮ ਲੋਕਾਂ ਦੀ ਦੌਲਤ ਖੋਹਣ ਦੀ ਕਾਂਗਰਸ ਦੀ ਨਾਪਾਕ ਯੋਜਨਾ ਨੂੰ ਉਜਾਗਰ ਕਰ ਦਿਤਾ ਹੈ।
ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੋਦਾ ਨੇ ਅਮਰੀਕਾ ਦੀ ‘ਵਿਰਾਸਤ ਟੈਕਸ’ ਪ੍ਰਣਾਲੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ’ਚ ਵਿਰਾਸਤ ਟੈਕਸ ਹੈ। ਜੇ ਕਿਸੇ ਕੋਲ 100 ਮਿਲੀਅਨ ਡਾਲਰ ਦੀ ਜਾਇਦਾਦ ਹੈ, ਜਦੋਂ ਉਹ ਮਰ ਜਾਂਦਾ ਹੈ, ਤਾਂ ਇਸ ਦਾ ਸਿਰਫ 45 ਫ਼ੀ ਸਦੀ ਉਨ੍ਹਾਂ ਦੇ ਬੱਚਿਆਂ ਨੂੰ ਜਾ ਸਕਦਾ ਹੈ। ਬਾਕੀ 55 ਫੀ ਸਦੀ ਜਾਇਦਾਦ ਸਰਕਾਰ ਕੋਲ ਜਾਂਦੀ ਹੈ। ਉਨ੍ਹਾਂ ਕਿਹਾ ਸੀ, ‘‘ਭਾਰਤ ’ਚ ਅਜਿਹਾ ਕੋਈ ਕਾਨੂੰਨ ਨਹੀਂ ਹੈ। ਜੇਕਰ ਕਿਸੇ ਦੀ ਜਾਇਦਾਦ 10 ਅਰਬ ਰੁਪਏ ਹੈ ਅਤੇ ਉਹ ਮਰ ਜਾਂਦਾ ਹੈ ਤਾਂ ਉਸ ਦੇ ਬੱਚਿਆਂ ਨੂੰ 10 ਅਰਬ ਰੁਪਏ ਮਿਲਦੇ ਹਨ ਅਤੇ ਜਨਤਾ ਨੂੰ ਕੁੱਝ ਨਹੀਂ ਮਿਲਦਾ। ਲੋਕਾਂ ਨੂੰ ਅਜਿਹੇ ਮੁੱਦਿਆਂ ’ਤੇ ਚਰਚਾ ਕਰਨੀ ਚਾਹੀਦੀ ਹੈ। ਮੈਨੂੰ ਨਹੀਂ ਪਤਾ ਕਿ ਅੰਤ ’ਚ ਕੀ ਸਿੱਟਾ ਨਿਕਲੇਗਾ, ਪਰ ਜਦੋਂ ਅਸੀਂ ਦੌਲਤ ਦੀ ਮੁੜ ਵੰਡ ਦੀ ਗੱਲ ਕਰਦੇ ਹਾਂ, ਤਾਂ ਅਸੀਂ ਨਵੀਆਂ ਨੀਤੀਆਂ ਅਤੇ ਨਵੇਂ ਪ੍ਰੋਗਰਾਮਾਂ ਬਾਰੇ ਗੱਲ ਕਰ ਰਹੇ ਹਾਂ ਜੋ ਲੋਕਾਂ ਦੇ ਹਿੱਤ ’ਚ ਹਨ, ਨਾ ਕਿ ਸਿਰਫ ਅਮੀਰਾਂ ਦੇ ਹਿੱਤ ਵਿੱਚ।’’
ਇਸ ’ਤੇ ਭਾਜਪਾ ਦੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ, ‘‘ਸੈਮ ਪਿਤਰੋਦਾ ਨੇ ਕਾਂਗਰਸ ਦੀਆਂ ਨਾਪਾਕ ਯੋਜਨਾਵਾਂ ਬਾਰੇ ਵਿਸਥਾਰ ਨਾਲ ਦਸਿਆ ਹੈ। ਅਸੀਂ ਬੱਚਤ ਅਧਾਰਤ ਅਰਥਵਿਵਸਥਾ ਹਾਂ। ਭਾਰਤ ਵਿਚ ਇਕ ਪੀੜ੍ਹੀ (ਇਕ ਪਰਵਾਰ ਦੀ) ਸਖਤ ਮਿਹਨਤ ਕਰ ਕੇ ਕਮਾਉਂਦੀ ਹੈ। ਦੂਜੀ ਪੀੜ੍ਹੀ ਇਸ ਨੂੰ ਅੱਗੇ ਵਧਾਉਂਦੀ ਹੈ ਅਤੇ ਫਿਰ ਤੀਜੀ ਪੀੜ੍ਹੀ ਨੂੰ ਕੁੱਝ ਆਰਾਮ ਮਿਲਦਾ ਹੈ।’’ ਉਨ੍ਹਾਂ ਕਿਹਾ, ‘‘ਕਾਂਗਰਸ ਲੋਕਾਂ ਤੋਂ ਖੁਸ਼ੀ ਅਤੇ ਸ਼ਾਂਤੀ ਖੋਹਣਾ ਚਾਹੁੰਦੀ ਹੈ। ਸੈਮ ਪਿਤਰੋਦਾ ਸੋਨੇ ’ਤੇ ਟੈਕਸ ਲਗਾਉਣ ਦੀ ਗੱਲ ਕਰ ਰਹੇ ਹਨ।’’
ਜਦਕਿ ਕਾਂਗਰਸ ਨੇ ਪਿਤਰੋਦਾ ਦੀ ਟਿਪਣੀ ਤੋਂ ਦੂਰੀ ਬਣਾਉਂਦੇ ਹੋਏ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਦੁਸ਼ਟ ਮੁਹਿੰਮ’ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਵਿਚ ਪਿਤਰੋਦਾ ਦੀ ਟਿਪਣੀ ਨੂੰ ਸਨਸਨੀਖੇਜ਼ ਬਣਾਇਆ ਜਾ ਰਿਹਾ ਹੈ। ਖ਼ੁਦ ਪਿਤਰੋਦਾ ਨੇ ਅਪਣੀ ਟਿਪਣੀ ’ਤੇ ਵਿਵਾਦ ਪੈਦਾ ਹੋਣ ’ਤੇ ਕਿਹਾ, ‘‘ਇਹ ਮੰਦਭਾਗਾ ਹੈ ਕਿ ਅਮਰੀਕਾ ’ਚ ਵਿਰਾਸਤ ਟੈਕਸ ਬਾਰੇ ਇਕ ਵਿਅਕਤੀ ਦੇ ਤੌਰ ’ਤੇ ਮੈਂ ਜੋ ਕਿਹਾ, ਉਸ ਨੂੰ ਗੋਦੀ ਮੀਡੀਆ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ ਤਾਂ ਜੋ ਪ੍ਰਧਾਨ ਮੰਤਰੀ ਕਾਂਗਰਸ ਦੇ ਚੋਣ ਐਲਾਨਨਾਮੇ ਬਾਰੇ ਜੋ ਝੂਠ ਫੈਲਾ ਰਹੇ ਹਨ, ਉਸ ਤੋਂ ਧਿਆਨ ਹਟਾਇਆ ਜਾ ਸਕੇ। ਮੰਗਲ ਸੂਤਰ ਅਤੇ ਸੋਨਾ ਖੋਹਣ ਬਾਰੇ ਪ੍ਰਧਾਨ ਮੰਤਰੀ ਦੀਆਂ ਟਿਪਣੀਆਂ ਬਿਲਕੁਲ ਗੈਰ-ਵਾਜਬ ਹਨ।’’ ਉਨ੍ਹਾਂ ਕਿਹਾ, ‘‘ਮੈਂ ਟੈਲੀਵਿਜ਼ਨ ’ਤੇ ਅਪਣੀ ਆਮ ਗੱਲਬਾਤ ’ਚ ਸਿਰਫ ਇਕ ਉਦਾਹਰਣ ਵਜੋਂ ਅਮਰੀਕੀ ਵਿਰਾਸਤ ਟੈਕਸ ਦਾ ਜ਼ਿਕਰ ਕੀਤਾ। ਕੀ ਮੈਂ ਤੱਥ ਨਹੀਂ ਦੱਸ ਸਕਦਾ? ਮੈਂ ਕਿਹਾ ਸੀ ਕਿ ਲੋਕਾਂ ਨੂੰ ਅਜਿਹੇ ਮੁੱਦਿਆਂ ’ਤੇ ਗੱਲ ਕਰਨੀ ਅਤੇ ਬਹਿਸ ਕਰਨੀ ਪਵੇਗੀ। ਇਸ ਦਾ ਕਾਂਗਰਸ ਸਮੇਤ ਕਿਸੇ ਵੀ ਪਾਰਟੀ ਦੀ ਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਕਿਸ ਨੇ ਕਿਹਾ ਕਿ ਭਾਰਤ ’ਚ ਅਜਿਹਾ ਕੁੱਝ ਹੋਣਾ ਚਾਹੀਦਾ ਹੈ, ਭਾਜਪਾ ਅਤੇ ਮੀਡੀਆ ਕਿਉਂ ਘਬਰਾ ਰਹੇ ਹਨ?’’
ਉਧਰ ਪਿਤਰੋਦਾ ਦੀ ਟਿਪਣੀ ਨੂੰ ਲੈ ਕੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਕਾਂਗਰਸ ਦੇ ਖਤਰਨਾਕ ਇਰਾਦੇ ਇਕ ਤੋਂ ਬਾਅਦ ਇਕ ਸਾਹਮਣੇ ਆ ਰਹੇ ਹਨ। ਸ਼ਾਹੀ ਪਰਵਾਰ ਦੇ ਰਾਜਕੁਮਾਰ ਦੇ ਇਕ ਸਲਾਹਕਾਰ ਨੇ ਕਿਹਾ ਹੈ ਕਿ ਦੇਸ਼ ਦੇ ਮੱਧ ਵਰਗ ਦੇ ਮਿਹਨਤ ਦੀ ਕਮਾਈ ਵਾਲੇ ਲੋਕਾਂ ’ਤੇ ਜ਼ਿਆਦਾ ਟੈਕਸ ਲਗਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਗੱਲ ਜਨਤਕ ਤੌਰ ’ਤੇ ਕਹੀ।’’ ਉਨ੍ਹਾਂ ਕਿਹਾ ਕਿ ਕਾਂਗਰਸ ‘ਵਿਰਾਸਤ ਟੈਕਸ’ ਲਾ ਕੇ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਹੱਕ ਖੋਹਣਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਹੁਣ ਇਹ ਲੋਕ ਉਸ ਤੋਂ ਵੀ ਇਕ ਕਦਮ ਅੱਗੇ ਚਲੇ ਗਏ ਹਨ। ਕਾਂਗਰਸ ਦਾ ਕਹਿਣਾ ਹੈ ਕਿ ਹੁਣ ਉਹ ਇਨਹੈਰੀਟੈਂਸ ਟੈਕਸ (ਵਿਰਾਸਤ ਟੈਕਸ) ਲਗਾਏਗੀ। ਮਾਤਾ-ਪਿਤਾ ਤੋਂ ਮਿਲਣ ਵਾਲੀ ਵਿਰਾਸਤ ’ਤੇ ਵੀ ਟੈਕਸ ਲਗਾਏਗੀ। ਤੁਸੀਂ ਜੋ ਅਪਣੀ ਮਿਹਨਤ ਨਾਲ ਜਾਇਦਾਦ ਬਣਾਉਂਦੇ ਹੋ ਉਹ ਤੁਹਾਡੇ ਬੱਚਿਆਂ ਨੂੰ ਨਹੀਂ ਮਿਲੇਗੀ। ਕਾਂਗਰਸ ਸਰਕਾਰ ਦਾ ਪੰਜਾ ਉਸ ਨੂੰ ਵੀ ਤੁਹਾਡੇ ਕੋਲੋਂ ਖੋਹ ਲਵੇਗਾ।’’ ਉਨ੍ਹਾਂ ਕਿਹਾ, ‘‘ਕਾਂਗਰਸ ਦਾ ਮੰਤਰ ਹੈ- ਕਾਂਗਰਸ ਦੀ ਲੁੱਟ ਜ਼ਿੰਦਗੀ ਦੇ ਨਾਲ ਵੀ ਜ਼ਿੰਦੀ ਦੇ ਬਾਅਦ ਵੀ।’’
ਜਦਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਿਤਰੋਦਾ ਦੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ, ‘‘ਦੌਲਤ ਦੀ ਮੁੜ ਵੰਡ ’ਤੇ ਪਿਤਰੋਦਾ ਦੇ ਬਿਆਨ ਨਾਲ ਅੱਜ ਕਾਂਗਰਸ ਦੀ ਤੁਸ਼ਟੀਕਰਨ ਦੀ ਸਿਆਸਤ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਨੇ ਬਹੁਗਿਣਤੀ ਦੀ ਜਾਇਦਾਦ ਜ਼ਬਤ ਕਰਨ ਅਤੇ ਘੱਟ ਗਿਣਤੀਆਂ ਵਿਚ ਵੰਡਣ ਦੇ ਪਾਰਟੀ ਦੇ ਇਰਾਦੇ ਨੂੰ ਦੁਹਰਾਇਆ ਹੈ।’’
ਵਿਰਾਸਤੀ ਟੈਕਸ ਲਾਉਣ ਦਾ ਵਿਚਾਰ ਮੋਦੀ ਸਰਕਾਰ ਦਾ ਸੀ : ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ ਵਿਰਾਸਤ ਟੈਕਸ ਅਸਲ ’ਚ ਮੋਦੀ ਸਰਕਾਰ ਦਾ ਵਿਚਾਰ ਸੀ ਅਤੇ 2014 ’ਚ ਤਤਕਾਲੀ ਵਿੱਤ ਰਾਜ ਮੰਤਰੀ ਜਯੰਤ ਸਿਨਹਾ ਨੇ ਲੋਕਾਂ ਦੇ ਸਾਹਮਣੇ ਇਹ ਵਿਚਾਰ ਰੱਖਿਆ ਸੀ ਅਤੇ 2018 ’ਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਵਿਚਾਰ ਦੀ ਸ਼ਲਾਘਾ ਕੀਤੀ ਸੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਜੇਤਲੀ ਅਤੇ ਸਿਨਹਾ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਭਾਜਪਾ ’ਤੇ ਜਵਾਬੀ ਹਮਲਾ ਕੀਤਾ।
ਰਮੇਸ਼ ਨੇ ਐਕਸ ’ਤੇ ਪੋਸਟ ਕੀਤਾ, ‘‘ਕਾਂਗਰਸ ਦੀ ਵਿਰਾਸਤ ਟੈਕਸ ਲਾਗੂ ਕਰਨ ਦੀ ਕੋਈ ਯੋਜਨਾ ਨਹੀਂ ਹੈ। ਅਸਲ ’ਚ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 1985 ’ਚ ਅਸਟੇਟ ਡਿਊਟੀ ਖਤਮ ਕਰ ਦਿਤੀ ਸੀ। ਦਰਅਸਲ, ਇਹ ਮੋਦੀ ਸਰਕਾਰ ਹੈ ਜੋ ਅਜਿਹਾ ਕਰਨਾ ਚਾਹੁੰਦੀ ਹੈ।’’
ਉਨ੍ਹਾਂ ਕਿਹਾ, ‘‘ਪਹਿਲਾ ਤੱਥ: ਮੋਦੀ ਸਰਕਾਰ ’ਚ ਸਾਬਕਾ ਵਿੱਤ ਰਾਜ ਮੰਤਰੀ ਜਯੰਤ ਸਿਨਹਾ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਉਹ 2014 ’ਚ ਵਿਰਾਸਤ ਟੈਕਸ ਲਾਗੂ ਕਰਨਾ ਚਾਹੁੰਦੇ ਸਨ। ਦੂਜਾ ਤੱਥ ਇਹ ਹੈ ਕਿ 2017 ’ਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਮੋਦੀ ਸਰਕਾਰ ਵਿਰਾਸਤ ਟੈਕਸ ਨੂੰ ਦੁਬਾਰਾ ਲਾਗੂ ਕਰਨ ਜਾ ਰਹੀ ਹੈ। ਤੀਜਾ ਤੱਥ ਇਹ ਹੈ ਕਿ 2018 ਵਿਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿਰਾਸਤੀ ਟੈਕਸ ਦੀ ਸ਼ਲਾਘਾ ਕਰਦਿਆਂ ਕਿਹਾ ਸੀ ਕਿ ਪਛਮੀ ਦੇਸ਼ਾਂ ਵਿਚ ਅਜਿਹਾ ਟੈਕਸ ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਭਾਰੀ ਗ੍ਰਾਂਟ ਦਿੰਦਾ ਹੈ। ਚੌਥਾ ਤੱਥ ਇਹ ਹੈ ਕਿ ਅਜਿਹੀਆਂ ਰੀਪੋਰਟਾਂ ਸਨ ਕਿ ਮੋਦੀ ਸਰਕਾਰ ਕੇਂਦਰੀ ਬਜਟ 2019 ’ਚ ਇਕ ਵਿਰਾਸਤੀ ਟੈਕਸ ਪੇਸ਼ ਕਰੇਗੀ।’’ ਰਮੇਸ਼ ਨੇ ਕਿਹਾ, ‘‘ਪ੍ਰਧਾਨ ਮੰਤਰੀ ਜੀ, ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਇਸ ਮੁੱਦੇ ’ਤੇ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ?’’
ਕਾਂਗਰਸ ਨੇ ਕਰਨਾਟਕ ’ਚ ਪਿਛਲੇ ਦਰਵਾਜ਼ੇ ਰਾਹੀਂ ਧਰਮ ਆਧਾਰਤ ਰਾਖਵਾਂਕਰਨ ਦਿਤਾ : ਮੋਦੀ
ਸਾਗਰ (ਮੱਧ ਪ੍ਰਦੇਸ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਾਂਗਰਸ ’ਤੇ ਕਰਨਾਟਕ ’ਚ ਮੁਸਲਿਮ ਜਾਤੀਆਂ ਨੂੰ ਇਕ ਸ਼੍ਰੇਣੀ ’ਚ ਰੱਖ ਕੇ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਲਈ ਰੱਖੇ ਗਏ ਰਾਖਵੇਂਕਰਨ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਉਹ ਇਸ ਨੂੰ ਪੂਰੇ ਦੇਸ਼ ’ਚ ਦੁਹਰਾਉਣ ਦੀ ਯੋਜਨਾ ਬਣਾ ਰਹੀ ਹੈ।
ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਵਿਰੋਧੀ ਪਾਰਟੀ ਨੂੰ ‘ਓਬੀਸੀ ਦਾ ਸੱਭ ਤੋਂ ਵੱਡਾ ਦੁਸ਼ਮਣ’ ਕਰਾਰ ਦਿਤਾ ਅਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹੋਰ ਪੱਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨੂੰ ਦਿਤੇ ਗਏ ਰਾਖਵੇਂਕਰਨ ਨੂੰ ਬਚਾਉਣ ਲਈ ਮੌਜੂਦਾ ਲੋਕ ਸਭਾ ਚੋਣਾਂ ’ਚ 400 ਤੋਂ ਵੱਧ ਸੀਟਾਂ ਜਿੱਤਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦਿਤਾ ਸੀ, ਜਿਸ ਦੀ ਭਾਰਤ ਦਾ ਸੰਵਿਧਾਨ ਇਜਾਜ਼ਤ ਨਹੀਂ ਦਿੰਦਾ ਅਤੇ 2009 ਅਤੇ 2014 ਦੇ ਅਪਣੇ ਚੋਣ ਐਲਾਨਨਾਮੇ ’ਚ ਵੀ ਇਸ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ, ‘‘ਇਕ ਵਾਰ ਫਿਰ ਕਾਂਗਰਸ ਨੇ ਕਰਨਾਟਕ ’ਚ ਸਾਰੀਆਂ ਮੁਸਲਿਮ ਜਾਤੀਆਂ ਨੂੰ ਓ.ਬੀ.ਸੀ. ’ਚ ਪਾ ਕੇ ਪਿਛਲੇ ਦਰਵਾਜ਼ੇ ਰਾਹੀਂ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦਿਤਾ ਹੈ। ਇਸ ਦੇ ਲਈ ਮੁਸਲਮਾਨਾਂ ਦੀਆਂ ਸਾਰੀਆਂ ਜਾਤੀਆਂ ਨੂੰ ਓ.ਬੀ.ਸੀ. ਕੋਟੇ (ਰਾਖਵਾਂਕਰਨ) ’ਚ ਰੱਖਿਆ ਗਿਆ। ਅਜਿਹਾ ਕਰ ਕੇ ਕਾਂਗਰਸ ਨੇ ਓ.ਬੀ.ਸੀ. ਭਾਈਚਾਰੇ ਦਾ ਇਕ ਵੱਡਾ ਹਿੱਸਾ ਖੋਹ ਲਿਆ ਅਤੇ ਧਰਮ ਦੇ ਅਧਾਰ ’ਤੇ ਦੂਜਿਆਂ ਨੂੰ ਦੇ ਦਿਤਾ। ਕਾਂਗਰਸ ਇਸ ਖਤਰਨਾਕ ਖੇਡ ’ਚ ਸ਼ਾਮਲ ਹੋ ਗਈ ਹੈ ਜੋ ਤੁਹਾਡੀਆਂ (ਆਉਣ ਵਾਲੀਆਂ) ਪੀੜ੍ਹੀਆਂ ਨੂੰ ਤਬਾਹ ਕਰ ਦੇਵੇਗੀ। ਉਹ ਓ.ਬੀ.ਸੀ. ਦੀ ਸੱਭ ਤੋਂ ਵੱਡੀ ਦੁਸ਼ਮਣ ਹੈ।’’
ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਪੂਰੇ ਦੇਸ਼ ’ਚ ਇਕੋ ਫਾਰਮੂਲਾ ਲਾਗੂ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ, ‘‘ਸਾਡਾ ਸੰਵਿਧਾਨ ਸਪੱਸ਼ਟ ਤੌਰ ’ਤੇ ਕਹਿੰਦਾ ਹੈ ਕਿ ਕਿਸੇ ਨੂੰ ਵੀ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਨਹੀਂ ਦਿਤਾ ਜਾਵੇਗਾ। ਬਾਬਾ ਸਾਹਿਬ ਅੰਬੇਡਕਰ ਖੁਦ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੇ ਵਿਰੁਧ ਸਨ। ਪਰ ਕਾਂਗਰਸ ਨੇ ਸਾਲਾਂ ਪਹਿਲਾਂ ਧਰਮ ਦੇ ਅਧਾਰ ’ਤੇ ਰਾਖਵਾਂਕਰਨ ਦੇਣ ਦਾ ਖਤਰਨਾਕ ਅਹਿਦ ਲਿਆ ਸੀ ਅਤੇ ਉਹ ਇਸ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾ ਰਹੀ ਹੈ।’’